ਕੇਵੀਕੇ ਰੋਣੀ ਵਿਖੇ ਕਿਸਾਨ ਮੇਲਾ ਕਰਵਾਇਆ
ਕੇਵੀਕੇ ਰੋਣੀ ਵਿਖੇ ਕਿਸਾਨ ਮੇਲੇ ਦਾ ਆਯੋਜਨ
Publish Date: Sun, 15 Mar 2026 06:25 PM (IST)
Updated Date: Sun, 15 Mar 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਗਾਇਆ ਗਿਆ। ‘ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ’ ਦੇ ਉਦੇਸ਼ ਨੂੰ ਲੈ ਕੇ ਲਗਾਏ ਕਿਸਾਨ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾਕਟਰ ਦਵਿੰਦਰ ਸਿੰਘ ਚੀਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਿਸਾਨ ਮੇਲੇ ਦੌਰਾਨ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀਏਯੂ, ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਡਾ ਤਰਸੇਮ ਸਿੰਘ ਢਿੱਲੋਂ, ਅੱਪਰ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ ਤਜਿੰਦਰ ਸਿੰਘ ਰਿਆੜ, ਅੱਪਰ ਨਿਰਦੇਸ਼ਕ ਸੰਚਾਰ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਖੇਤੀ ਵਿਗਿਆਨੀਆਂ ਹਾਜ਼ਰ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਸਾਡੇ ਮਿਹਨਤਕਸ਼ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ। ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਇਕ ਮੰਚ ਤੇ ਜੁੜਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਲੁਧਿਆਣਾ ਵਿਖੇ 20-21 ਮਾਰਚ ਨੂੰ ਲੱਗਣ ਵਾਲੇ ਕਿਸਾਨ ਮੇਲੇ ਵਿਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣ ਕੇ ਖੇਤੀ ਸਬੰਧਤ ਅਤਿ ਆਧੁਨਿਕ ਜਾਣਕਾਰੀ ਹਾਸਲ ਕਰਨ ਲਈ ਪੀਏਯੂ ਦੇ ਹਫ਼ਤਾਵਰ ਡਿਜੀਟਲ ਅਖਬਾਰ ਖੇਤੀ ਸੰਦੇਸ਼, ਫੇਸਬੁੱਕ ਲਾਈਵ ਪ੍ਰੋਗਰਾਮ, ਵ੍ਹਟਸਐਪ ਗਰੁੱਪਾਂ ਤੇ ਯੂ-ਟਿਊਬ ਚੈਨਲਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਕਿਹਾ।