ਬੈਂਕ ਨੇ ਨੋਟਿਸ ਚਿਪਕਾ ਕੇ ਘਰ ਨੂੰ ਕੀਤਾ ਸੀਲ
ਬੈਂਕ ਨੇ ਨੋਟਿਸ ਚਿਪਕਾ ਕੇ ਘਰ ਨੂੰ ਕੀਤਾ ਸੀਲ
Publish Date: Sat, 14 Feb 2026 05:01 PM (IST)
Updated Date: Sat, 14 Feb 2026 05:03 PM (IST)

- ਬੀਕੇਯੂ ਉਗਰਾਹਾਂ ਦੇ ਵਰਕਰਾਂ ਵੱਲੋਂ ਧਰਨਾ, ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਵਾੜਿਆ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਸ਼ਹਿਰ ਦੇ ਕਾਰੋਬਾਰੀ ਵੱਲੋਂ ਬੈਂਕ ਤੋਂ ਲਿਆ ਕਰਜ਼ਾ ਨਾ ਮੋੜ ਸਕਣ ਕਰ ਕੇ ਬੈਂਕ ਦਾ ਡਿਫਾਲਟਰ ਹੋਣ ’ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਬੈਂਕ ਵੱਲੋਂ ਨਾਇਬ ਤਹਿਸੀਲਦਾਰ ਪਾਤੜਾਂ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸਮੇਤ ਪਹੁੰਚ ਕੇ ਸਵੇਰੇ ਤੜਕਸਾਰ ਕਾਰੋਬਾਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢ ਘਰ ਦੇ ਮੁੱਖ ਦਰਵਾਜ਼ੇ ਨੂੰ ਜਿੰਦਰਾ ਲਗਾ ਕੇ ਘਰ ਨੂੰ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪਹੁੰਚ ਕੇ ਕੋਠੀ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਸਿਟੀ ਪੁਲਿਸ ਚੌਕੀ ਇੰਚਾਰਜ ਲਵਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਫੋਰਸ ਤਾਇਨਾਤ ਰਹੀ। ਧਰਨੇ ਦੌਰਾਨ ਕਿਸਾਨ ਜਥੇਬੰਦੀ ਦੇ ਵਰਕਰਾਂ ਨੇ ਜਦੋਂ ਘਰ ਨੂੰ ਲਗਾਇਆ ਗਿਆ ਜੰਦਰਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਬਣ ਗਈ। ਜਿਸ ਮਗਰੋਂ ਕਿਸਾਨ ਜਥੇਬੰਦੀ ਦੇ ਵਰਕਰ ਰੁਕ ਗਏ ਪਰ ਪੁਲਿਸ ਫੋਰਸ ਦੇ ਪਿੱਛੇ ਹੱਟ ਜਾਣ ਮਗਰੋਂ ਕਿਸਾਨਾਂ ਨੇ ਤਾਲਾ ਤੋੜ ਕੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਅੰਦਰ ਭੇਜ ਦਿੱਤਾ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬੀਕੇਯੂ ਉਗਰਾਹਾਂ ਦੇ ਜਥੇਬੰਦੀ ਦੇ ਬਲਾਕ ਸਕੱਤਰ ਅਵਤਾਰ ਸਿੰਘ ਬੂਰੜ, ਕਿਸਾਨ ਆਗੂ ਰਘਵੀਰ ਸਿੰਘ ਨਿਆਲ ਅਤੇ ਤੇਜਪਾਲ ਸਿੰਘ ਭੂਤਗੜ ਨੇ ਦੱਸਿਆ ਕਿ ਸ਼ਹਿਰ ਦੇ ਕਾਰੋਬਾਰੀ ਦੇਵੀ ਦਿਆਲ ਨੇ ਆਈਸੀਆਈਸੀਆਈ ਬੈਂਕ ਕੋਲੋਂ 90 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਜਿਸ ਬਦਲੇ ਉਸ ਵੱਲੋਂ ਬੈਂਕ ਨੂੰ ਇਕ ਕਰੋੜਤ ਲੱਖ ਰੁਪਏ ਮੋੜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਜਾਣ ਬੁਝ ਕੇ ਦੇਵੀ ਦਿਆਲ ਨੂੰ ਖੱਜਲ ਕਰ ਰਹੇ ਹਨ ਤੇ ਸਮੇਂ-ਸਮੇਂ ਉੱਤੇ ਉਸ ਤੋਂ ਪੈਸੇ ਭਰਵਾਏ ਜਾਂਦੇ ਰਹੇ ਹਨ ਪਰ ਹਾਲੇ ਵੀ ਬੈਂਕ ਨੇ ਉਸ ਵੱਲ 87 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਕੱਢ ਕੇ ਜਾਇਦਾਦ ਦੀ ਨਿਲਾਮੀ ਸਬੰਧੀ ਹਾਈ ਕੋਰਟ ਵਿੱਚ ਕੇਸ ਪਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਨੇ ਹਮੇਸ਼ਾ ਧੱਕੇ ਦੇ ਖ਼ਿਲਾਫ਼ ਲੜਾਈ ਲੜੀ ਹੈ ਅਤੇ ਉਹ ਕਿਸੇ ਵੀ ਗਰੀਬ ਅਮੀਰ ਨਾਲ ਧੱਕਾ ਬਰਦਾਸ਼ਤ ਨਹੀਂ ਕਰਦੀ। ਇਸ ਮੌਕੇ ਬਲਾਕ ਖਜ਼ਾਨਚੀ ਗੁਰਮੁੱਖ ਸਿੰਘ ਕਲਵਾਨੂੰ, ਮੀਤ ਲਾਭ ਸਿੰਘ ਬਰਾਸ, ਬੱਲਮ ਸਿੰਘ ਨਿਆਲ, ਇਕਾਈ ਪ੍ਰਧਾਨ ਬਲਵਿੰਦਰ ਸਿੰਘ ਘੱਗਾ, ਬਲਕਾਰ ਸਿੰਘ ਕਲਵਾਨੂੰ, ਗੁਰਜੰਟ ਸਿੰਘ ਨਨਹੇੜਾ, ਕਾਲਾ ਸਿੰਘ ਖੇੜੀ, ਮੱਖਣ ਸਿੰਘ ਬਰਾਸ, ਭਗਵਾਨ ਸਿੰਘ ਬੂਰੜ, ਜਸਵੰਤ ਸਿੰਘ ਨਿਆਲ, ਨਛੱਤਰ ਸਿੰਘ ਕਾਲਾ ਹਾਮਝੇੜੀ, ਸੁਰਜੀਤ ਸਿੰਘ ਦਿਆਲ ਨਗਰ, ਰਾਮ ਸਿੰਘ ਭੂਤਗੜ, ਬਲਵਿੰਦਰ ਸਿੰਘ ਗਾਂਧੀ ਚੁਪਕੀ, ਭਿੰਦਰ ਸਿੰਘ ਹਰਿਆਊ ਖੁਰਦ, ਅਮਰਜੀਤ ਸਿੰਘ ਜਲਾਲਪੁਰ, ਦਵਿੰਦਰ ਸਿੰਘ ਜੈਖਰ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।