ਕੌਮੀ ਮਹਾਂਪੰਚਾਇਤ ’ਚ ਕਿਸਾਨ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਹੋਣਗੇ ਸ਼ਾਮਲ : ਬਹਿਰੂ
ਕੌਮੀ ਮਹਾਂ ਪੰਚਾਇਤ ਵਿੱਚ ਕਿਸਾਨ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਹੋਣਗੇ ਸ਼ਾਮਲ: ਬਹਿਰੂੂ
Publish Date: Thu, 05 Mar 2026 04:21 PM (IST)
Updated Date: Thu, 05 Mar 2026 04:23 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ: ਤਾਕਤਵਰ ਦੇਸ਼ ਅਮਰੀਕਾ ਦੇ ਦਬਾਅ ਥੱਲੇ ਆਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗੋਡੇ ਟੇਕ ਕੇ ਵਪਾਰਕ ਸਮਝੌਤਾ ਕਰਨ ਤੋਂ ਬਾਅਦ ਦੇਸ਼ ਦੇ ਕਿਸ਼ਾਨਾਂ ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਵਿਚ ਖਲਬਲੀ ਪਾਈ ਜਾ ਰਹੀ ਹੈ। ਇਸ ਕਿਸਾਨ ਮਜ਼ਦੂਰ ਮਾਰੂ ਹੋਏ ਫੈਸਲੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਦੇਸ਼ ਦੇ ਕਿਸਾਨਾਂ ਵਲੋਂ 7 ਫਰਵਰੀ ਤੋਂ ਕਿਸਾਨ ਜਾਗਰਿਤੀ ਮਾਰਚ ਕੰਨਿਆ ਕੁਮਾਰੀ ਤੋਂ ਸ਼ੁਰੂ ਕਰਕੇ ਜੰਮੂ ਕਸ਼ਮੀਰ ਤੱਕ ਕੱਢਿਆ ਜਾ ਰਿਹਾ ਹੈ। ਉਸ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਇਸ ਸ਼ੁਰੂ ਹੋਏ ਕਿਸਾਨ ਜਾਗ੍ਰਿਤੀ ਮਾਰਚ ਦਾ ਭਾਰਤ ਦੇ ਦੱਖਣੀ ਸੂਬਿਆਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਣ ਤੋਂ ਬਾਅਦ ਅੱਜ ਕਲ ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਵੱਲੋਂ ਰਾਤ ਦੇ 12 ਵਜੇ ਤੱਕ ਇਸ ਦੇਸ਼ ਵਿਆਪਕ ਕਿਸਾਨ ਮਾਰਚ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾ ਰਹੇ ਹਨ ਕਿ 19 ਮਾਰਚ ਨੂੰ ਦਿੱਲੀ ਵਿਚ ਰਾਮਲੀਲਾ ਗਰਾਊਂਡ ਵਿਖੇ ਹੋਣ ਵਾਲੀ ਕੌਮੀ ਮਹਾਪੰਚਾਇਤ ਵਿਚ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਸ਼ਾਮਲ ਹੋਣਗੇ। ਬਹਿਰੂ ਨੇ ਅੱਗੇ ਦੱਸਿਆ ਕਿ 6 ਮਾਰਚ ਨੂੰ ਗੰਗਾ ਨਗਰ ਨਾਲ ਲਗਦੇ ਅਬੋਹਰ ਫਾਜ਼ਿਲਕਾ ਦੇ ਰਸਤੇ ਹਜ਼ਾਰਾਂ ਕਿਸਾਨ ਟਰੈਕਟਰਾਂ, ਕਾਰਾਂ ਅਤੇ ਮੋਟਰ ਸਾਈਕਲਾਂ ਰਾਹੀਂ ਸਵੇਰੇ 8 ਵਜੇ ਕਿਸਾਨ ਜਾਗ੍ਰਿਤੀ ਮਾਰਚ ਪੰਜਾਬ ਵਿੱਚ ਸ਼ਾਮਲ ਹੋ ਜਾਵੇਗਾ। ਇਸ ਲਈ ਪੰਜਾਬ ਦੇ ਅਣਖੀ ਅਤੇ ਵੱਡੀ ਸਮਝ ਵਾਲੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਅਤੇ ਨੌਜਵਾਨ ਵਰਗ ਨੂੰ ਇਸ ਕਿਸਾਨ ਮਾਰਚ ਵਿੱਚ ਸ਼ਾਮਲ ਹੋ ਕੇ ਹੈਂਕਡ਼ਬਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਸਾਸ ਕਰਵਾਉਣ ਕਿ ਇਸ ਦੇਸ਼ ਮਾਰੂ ਵਪਾਰਕ ਸਮਝੌਤੇ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ।