ਕਾਸੋ ਅਭਿਆਨ ਤਹਿਤ ਖਨੌਰੀ ਪੁਲਿਸ ਨੇ ਕੀਤੀ ਚੈਕਿੰਗ
ਕਾਸੋ ਅਭਿਆਨ ਤਹਿਤ ਖਨੌਰੀ ਪੁਲਿਸ ਨੇ ਕੀਤੀ ਚੈਕਿੰਗ
Publish Date: Thu, 08 Jan 2026 04:16 PM (IST)
Updated Date: Fri, 09 Jan 2026 04:03 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸਥਾਨਕ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਤੇ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣ ਦੇ ਮਕਸਦ ਨਾਲ ਖਨੌਰੀ ਪੁਲਿਸ ਵੱਲੋਂ ਐੱਸਐੱਚਓ ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਿਚ ਇਕ ਵਿਆਪਕ ਕਾਸੋ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਬੱਸ ਸਟੈਂਡ, ਟਰੱਕ ਮਾਰਕੀਟ, ਮੇਨ ਰੋਡ ਤੇ ਕੈਥਲ ਰੋਡ ਸਮੇਤ ਸ਼ਹਿਰ ਦੇ ਸਾਰੇ ਹੀ ਸੰਵੇਦਨਸ਼ੀਲ ਇਲਾਕਿਆਂ ਤੇ ਨਾਕਾਬੰਦੀ ਕਰ ਕੇ ਸਖ਼ਤ ਚੈਕਿੰਗ ਕੀਤੀ। ਕਾਸੋ ਅਭਿਆਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਗਹਿਰੀ ਪੜਤਾਲ ਕੀਤੀ ਗਈ ਅਤੇ ਦੋ-ਪਹੀਆ ਤੇ ਚਾਰ-ਪਹੀਆ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਕਾਗਜ਼ਾਤਾਂ ਦੀ ਤਸਦੀਕ ਕੀਤੀ ਗਈ ਤੇ ਸ਼ੱਕੀ ਹਿਲਜੁਲ ’ਤੇ ਖਾਸ ਨਿਗਰਾਨੀ ਰੱਖੀ ਗਈ। ਇਸ ਮੌਕੇ ਐੱਸਐੱਚਓ ਖਨੌਰੀ ਇੰਸਪੈਕਟਰ ਸੁਖਦੀਪ ਸਿੰਘ ਨੇ ਨੇ ਕਿਹਾ ਕਿ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਸੋ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖਨੌਰੀ ਸ਼ਹਿਰ ਤੇ ਖਨੌਰੀ ਥਾਣੇ ਨਾਲ ਸਬੰਧਿਤ ਇਲਾਕਿਆਂ ਵਿਚ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸਰਗਰਮੀ ਬਾਰੇ ਤੁਰੰਤ ਖਨੌਰੀ ਥਾਣੇ ਜਾਂ ਐਮਰਜੈਂਸੀ ਨੰਬਰ 112 ’ਤੇ ਤੁਰੰਤ ਜਾਣਕਾਰੀ ਦੇਣ। ਪੁਲਿਸ ਵੱਲੋਂ ਕੀਤੇ ਗਏ ਇਸ ਕਾਸੋ ਅਭਿਆਨ ਨਾਲ ਸ਼ਹਿਰ ਵਾਸੀਆਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ ਹੈ। ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੇ ਅਭਿਆਨ ਨਾਲ ਅਪਰਾਧੀਆਂ ਵਿੱਚ ਡਰ ਬਣਿਆ ਰਹਿੰਦਾ ਹੈ ਅਤੇ ਅਮਨ-ਕਾਨੂੰਨ ਕਾਇਮ ਰਹਿੰਦਾ ਹੈ। ਇਸ ਮੌਕੇ ਸਬ ਇੰਸਪੈਕਟਰ ਚੰਨਾ ਸਿੰਘ, ਏਐਸਆਈ ਰਘਬੀਰ ਸਿੰਘ, ਏਐਸਆਈ ਗੁਰਮੇਲ ਰਾਮ, ਹੌਲਦਾਰ ਬੀਰ ਦਵਿੰਦਰ ਸਿੰਘ, ਹੌਲਦਾਰ ਮਨਜਿੰਦਰ ਸਿੰਘ (ਮਾਸਟਰ), ਸ਼ਰਮਾ ਰਾਮ, ਸੈਕਟਰੀ ਸ਼ਰਮਾ ਅਤੇ ਅਭਿਸ਼ੇਕ ਹਾਜਰ ਸਨ।