ਖ਼ਾਲਸਾ ਕਾਲਜ ਵਿਖੇ ਸਾਲਾਨਾ ਪ੍ਰਦਰਸ਼ਨੀ ‘ਹਸਤਕਾਰੀ’ ਕਰਵਾਈ
ਖ਼ਾਲਸਾ ਕਾਲਜ ਪਟਿਆਲਾ ਵਿਖੇ ਸਾਲਾਨਾ ਪ੍ਰਦਰਸ਼ਨੀ ‘ਹਸਤਕਾਰੀ’ ਦਾ ਆਯੋਜਨ
Publish Date: Tue, 10 Mar 2026 04:44 PM (IST)
Updated Date: Tue, 10 Mar 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਤੇ ਹੋਮ ਸਾਇੰਸ ਵਿਭਾਗ ਵੱਲੋਂ ਆਪਣੀ ਸਾਲਾਨਾ ਪ੍ਰਦਰਸ਼ਨੀ ਹਸਤਕਾਰੀ ਕਰਵਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਵਰਨਜੀਤ ਕੌਰ ਉੱਭਾ ਵੱਲੋਂ ਕੀਤਾ ਗਿਆ, ਉਨਾਂ ਨੇ ਇਸ ਮੌਕੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ। ਪ੍ਰਦਰਸ਼ਨੀ ਨੇ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ ਅਤੇ ਤਕਨੀਕੀ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਹੱਥਕਲਾ ਦੇ ਵੱਖ-ਵੱਖ ਨਮੂਨੇ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਵਿਚ ਖ਼ੂਬਸੂਰਤ ਟਾਈ-ਡਾਈ ਸੂਟ, ਕਢਾਈ ਵਾਲੇ ਸੂਟ, ਕਾਂਥਾ ਕਢਾਈ ਦੇ ਦੁਪੱਟੇ, ਸਜਾਵਟੀ ਟੇਬਲ ਲਿਨਨ, ਲੈਂਪ, ਲੜਕੀਆਂ ਦੇ ਸਹਾਇਕ ਸਾਮਾਨ ਅਤੇ ਵੱਖ-ਵੱਖ ਤਰ੍ਹਾਂ ਦੇ ਸਿਲਾਈ ਕੀਤੇ ਕੱਪੜੇ ਸ਼ਾਮਲ ਸਨ। ਇਸ ਤੋਂ ਇਲਾਵਾ, ਐੱਮਐੱਸਸੀ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਆਪਣੇ ਖੋਜ ਅਧਾਰਤ ਪ੍ਰੋਜੈਕਟ ਕਾਰਜਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ। ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਵੱਲੋਂ ਲਗਾਤਾਰ ਅਜਿਹੀਆਂ ਅਕਾਦਮਿਕ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਉਣ ਦੀ ਸ਼ਲਾਘਾ ਕੀਤੀ। ਵਿਭਾਗ ਦੇ ਮੁਖੀ ਡਾ. ਬਲਬੀਰ ਕੌਰ ਨੇ ਸਮੂਹ ਫੈਕਲਟੀ ਮੈਂਬਰਾਂ ਪ੍ਰੋ. ਸਵਿਤਾ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਰੂਬੀਨਾ ਅਤੇ ਪ੍ਰੋ. ਕੁਲਵਿੰਦਰ ਕੌਰ ਸਮੇਤ ਵਿਦਿਆਰਥੀਆਂ ਨੂੰ ਪ੍ਰਦਰਸ਼ਨੀ ਦੀ ਸਫ਼ਲਤਾ ਲਈ ਵਧਾਈ ਦਿੱਤੀ।