ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨਾ ਮੁੱਖ ਉਦੇਸ਼ : ਉੱਭਾ
ਵਿਦਿਆਰਥੀਆਂ ਲਈ ‘ਮੌਕ ਇੰਟਰਵਿਊ ਸੈਸ਼ਨ: ਕੈਂਪਸ ਟੂ ਕਾਰਪੋਰੇਟ’ ਦਾ ਆਯੋਜਨ
Publish Date: Tue, 03 Mar 2026 04:25 PM (IST)
Updated Date: Tue, 03 Mar 2026 04:26 PM (IST)

ਫੋਟੋ 3ਪੀਟੀਐਲ: 17 ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕੱਤਰ ਵਿੱਦਿਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖ਼ਾਲਸਾ ਕਾਲਜ, ਪਟਿਆਲਾ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕੌਂਸਲਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ‘ਮੌਕ ਇੰਟਰਵਿਊ ਸੈਸ਼ਨ: ਕੈਂਪਸ ਟੂ ਕਾਰਪੋਰੇਟ’ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਆਉਣ ਵਾਲੀ ਮੈਗਾ ਪਲੇਸਮੈਂਟ ਡਰਾਈਵ ਲਈ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨਾ ਸੀ। ਵਿਦਿਆਰਥੀਆਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਡਾ. ਜਸਪ੍ਰੀਤ ਕੌਰ, ਡਾ. ਨਵਦੀਪ ਕੌਰ, ਪ੍ਰੋ. ਸਤਵੀਰ ਕੌਰ ਅਤੇ ਡਾ. ਰੋਜ਼ੀ ਬਾਂਸਲ ਵੱਲੋਂ ਸਮਾਨਾਂਤਰ ਸੈਸ਼ਨ ਲਏ ਗਏ। ਇਹਨਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਮੈਂਟਰਾਂ ਦੇ ਤਜ਼ਰਬੇ ਤੋਂ ਸਿੱਖਣ ਅਤੇ ਇੰਟਰਵਿਊ ਪ੍ਰਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੈੱਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਦੇ ਹਨ ਜੋ ਉਹਨਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕਰਦੇ ਹਨ ਅਤੇ ਉਹਨਾਂ ਨੂੰ ਆਧੁਨਿਕ ਕੰਮਕਾਜੀ ਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੌਕ ਇੰਟਰਵਿਊ ਸੈਸ਼ਨ ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਡੀਨ ਪਲੇਸਮੈਂਟ ਡਾ. ਜਸਪ੍ਰੀਤ ਕੌਰ ਨੇ ਸੈੱਲ ਦੇ ਮੈਂਬਰਾਂ ਦੀ ਅਣਥੱਕ ਮਿਹਨਤ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਲੋੜੀਂਦੇ ਇੰਟਰਵਿਊ ਹੁਨਰਾਂ ਨਾਲ ਲੈਸ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ। ਵਿਦਿਆਰਥੀਆਂ ਨੇ ਵੀ ਸੈੱਲ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਪਲੇਸਮੈਂਟ ਡਰਾਈਵ ਲਈ ਬਿਹਤਰ ਤਰੀਕੇ ਨਾਲ ਤਿਆਰ ਹੋਣ ਵਿੱਚ ਮਦਦ ਮਿਲੇਗੀ।