ਕੇਜਰੀਵਾਲ ਤੇ ਸਿਸੋਦੀਆ ਦਾ ਬਰੀ ਹੋਣਾ ਝੂਠੀ ਸਿਆਸਤ ’ਤੇ ਚਪੇੜ : ਮੰਤਰੀ ਗੋਇਲ
ਕੇਜਰੀਵਾਲ ਅਤੇ ਸਿਸੋਦੀਆ ਦਾ ਬਰੀ ਹੋਣਾ ਝੂਠੀ ਸਿਆਸਤ ‘ਤੇ ਚਪੇੜ: ਮੰਤਰੀ ਗੋਇਲ
Publish Date: Fri, 27 Feb 2026 06:00 PM (IST)
Updated Date: Sat, 28 Feb 2026 04:02 AM (IST)

ਮੰਤਰੀ ਬਰਿੰਦਰ ਗੋਇਲ ਵੱਲੋਂ ਲਹਿਰਾ ਹਲਕੇ ’ਚ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸੱਚ ਅਤੇ ਨਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ। ਅਦਾਲਤ ਦਾ ਇਹ ਫੈਸਲਾ ਲੋਕਤੰਤਰਕ ਪ੍ਰਣਾਲੀ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਝੂਠੇ ਪ੍ਰਚਾਰ ਦਾ ਠੂਠਾ ਭੰਨਦੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਜਪਾ ਸਰਕਾਰ ਦੇ ਉਨ੍ਹਾਂ ਆਗੂਆਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ ਜੋ ਕੱਟੜ ਇਮਾਨਦਾਰ ਰਹਿ ਕੇ ਰਾਜਨੀਤੀ ਬਦਲਣ ਆਏ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ‘ਤੇ ਝੂਠੇ ਇਲਜ਼ਾਮ ਲਾਉਂਦੇ ਰਹੇ ਹਨ।ਕੈਬਨਿਟ ਮੰਤਰੀ ਗੋਇਲ ਸ਼ੁੱਕਰਵਾਰ ਨੂੰ ਲਹਿਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਵਿਛਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਅਧੀਨ ਲਗਭਗ 9 ਕਿਲੋਮੀਟਰ ਲੰਬੀਆਂ ਗਲੀਆਂ ਅਤੇ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਦੀਆਂ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਅੰਦਰੂਨੀ ਗਲੀਆਂ ਸੜਕਾਂ ਹਲਕੇ ਦੇ ਪਿੰਡ ਖਾਈ, ਰਾਮਗੜ੍ਹ ਸੰਧੂਆਂ, ਸੇਖੂਵਾਸ, ਭਾਈ ਕੀ ਪਿਸ਼ੌਰ, ਘੋੜੇਨਾਬ, ਰੋੜੇਵਾਲਾ, ਝਲੂਰ ਅਤੇ ਰਾਏਧਰਾਣਾ ਵਿਖੇ ਬਣਾਈਆਂ ਜਾਣਗੀਆਂ।ਕੈਬਿਨੇਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਹਲਕੇ ਅਤੇ ਹਰ ਪਿੰਡ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣਾ ਹੈ, ਤਾਂ ਜੋ ਲੋਕਾਂ ਦੀ ਜ਼ਿੰਦਗੀ ਦੇ ਮਿਆਰ ਵਿੱਚ ਸੁਧਾਰ ਲਿਆਂਦਾ ਜਾ ਸਕੇ।ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਅਤੇ ਆਪਣੇ ਇਲਾਕੇ ਦੀ ਤਰੱਕੀ ਵਿੱਚ ਸਹਿਯੋਗ ਦੇਣ। ਇਸ ਮੌਕੇ ਮੰਤਰੀ ਦੇ ਭਰਾ ਰਿਟਾਇਰਡ ਐਕਸੀਅਨ ਨਰਿੰਦਰ ਗੋਇਲ, ਆੜਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾਂ,ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਆਪ ਆਗੂ ਅਜੇ ਕੁਮਾਰ ਠੋਲੀ, ਟਰੇਡ ਵਿੰਗ ਦੇ ਚੇਅਰਮੈਨ ਪ੍ਰਿੰਸ ਗਰਗ ਹਾਜ਼ਰ ਸਨ।