ਵਿਰਾਸਤੀ ਕਵੀ ਦਰਬਾਰ ’ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ
ਵਿਰਾਸਤੀ ਕਵੀ ਦਰਬਾਰ ’ਚ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ
Publish Date: Sat, 14 Feb 2026 05:40 PM (IST)
Updated Date: Sat, 14 Feb 2026 05:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਵਿਰਾਸਤੀ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੇ ਨੋਡਲ ਅਫ਼ਸਰ ਐੱਸਡੀਐੱਮ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਪੰਜਾਬੀ, ਹਿੰਦੀ, ਉਰਦੂ ਤੇ ਪੁਆਧੀ ਭਾਸ਼ਾ ਦੇ ਕਵੀਆਂ ਨੇ ਗਜ਼ਲਾਂ, ਕਵਿਤਾਵਾਂ ਤੇ ਸਾਹਿਤਕ ਗੀਤਾਂ ਰਾਹੀਂ ਵੱਡੀ ਗਿਣਤੀ ’ਚ ਹਾਜ਼ਰ ਸਰੋਤਿਆਂ ਨੂੰ ਕੀਲ ਲਿਆ। ਇਸ ਮੁਸ਼ਾਇਰੇ ਦੌਰਾਨ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਮੇਜ਼ਬਾਨ ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਬਣਾਉਣ ਲਈ ਜਿੱਥੇ ਵੱਖ-ਵੱਖ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਉੱਥੇ ਸੂਬੇ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਵਿਸ਼ੇਸ਼ ਮੇਲੇ ਸਜਾਏ ਜਾ ਰਹੇ ਹਨ, ਇਸੇ ਲੜੀ ਤਹਿਤ ਹੀ ਪਟਿਆਲਾ ਹੈਰੀਟੇਜ ਫੈਸਟੀਵਲ ਮਨਾਇਆ ਜਾ ਰਿਹਾ ਹੈ। ਪ੍ਰਧਾਨਗੀ ਭਾਸ਼ਣ ਦੌਰਾਨ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਵੀ ਦਰਬਾਰ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਹਿੱਸਾ ਬਣਾਉਣ ਦੀ ਸ਼ਲਾਘਾ ਕੀਤੀ।