ਇਲਾਕਾ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਰਾਜਪੁਰਾ ਵਿੱਚ ਵਿਕਾਸ ਕਾਰਜ ਠੱਪ, ਸੜਕ ਦੀ ਮਾੜੀ ਹਾਲਤ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ:ਕੰਬੋਜ
Publish Date: Thu, 29 Jan 2026 05:13 PM (IST)
Updated Date: Thu, 29 Jan 2026 05:16 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਸ਼ਾਮਦੂ ਤੇ ਸ਼ਾਮਦੂ ਕੈਂਪ ਨੂੰ ਜਾਂਦੀ ਮੇਨ ਸੜਕ ’ਤੇ ਘੁੰਮ ਰਹੇ ਸੀਵਰੇਜ ਦੇ ਪਾਣੀ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾ ਦੇ ਚਾਲਿਆ ਪਿੰਡ ਸ਼ਾਮਦੋ ਤੇ ਸ਼ਾਮਦੋ ਕੈਂਪ ਦੇ ਵਸਨੀਕਾਂ ਵੱਲੋਂ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਦੇ ਦੌਰਾਨ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੁੱਜੇ ਅਤੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨੂੰ ਮਾਮਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਜਾਣਕਾਰੀ ਦੇ ਅਨੁਸਾਰ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਰਾਜਪੁਰਾ ਦੇ ਪਿੰਡ ਸ਼ਾਮਦੂ ਅਤੇ ਸ਼ਾਮਦੂ ਕੈਂਪ ਦਾ ਦੌਰਾ ਕਰਦਿਆਂ ਮੌਜੂਦਾ ‘ਆਪ’ ਸਰਕਾਰ ਅਤੇ ਸਥਾਨਕ ਵਿਧਾਇਕਾ ਨੀਨਾ ਮਿੱਤਲ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਕੰਬੋਜ ਨੇ ਕਿਹਾ ਕਿ ਰਾਜਪੁਰਾ ਵਿਚ ਵਿਕਾਸ ਦੇ ਨਾਂ ’ਤੇ ਇੱਕ ਧੇਲਾ ਵੀ ਖਰਚ ਨਹੀਂ ਕੀਤਾ ਗਿਆ, ਸਗੋਂ ਚਾਰੇ ਪਾਸੇ ਗੰਦਗੀ ਅਤੇ ਚਿੱਕੜ ਦਾ ਬੋਲਬਾਲਾ ਹੈ। ਕੰਬੋਜ ਨੇ ਦੱਸਿਆ ਕਿ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਵਿੱਚ ਪਿਛਲੇ ਕਰੀਬ 4 ਸਾਲਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਸਾਬਕਾ ਵਿਧਾਇਕ ਕੰਬੋਜ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਵਿਕਾਸ ਲਈ ਕੋਈ ਨਵਾਂ ਫੰਡ ਨਹੀਂ ਦਿੱਤਾ, ਸਗੋਂ ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨ ਵੱਲੋਂ ਆਏ ਕਰੋੜਾਂ ਰੁਪਏ ਵੀ ਵਾਪਸ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪੁਰਾ ਜੋ ਕਦੇ ਉੱਤਰੀ ਭਾਰਤ ਵਿੱਚ ਵਿਕਾਸ ਪੱਖੋਂ ਪਹਿਲੇ ਨੰਬਰਾਂ ਤੇ ਸੀ, ਅੱਜ 566ਵੇਂ ਨੰਬਰ ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ‘ਨੀਂਹ ਪੱਥਰ’ ਰੱਖਣ ਤੱਕ ਸੀਮਤ ਹਨ। ਇਸ ਮੌਕੇ ਪਿੰਡ ਸ਼ਾਮਦੋ ਕੈਂਪ ਦੇ ਸਾਬਕਾ ਸਰਪੰਚ ਰਣਜੀਤ ਕੁਮਾਰ, ਗੌਰਵ ਗਾਬਾ, ਬਲਾਕ ਸੰਮਤੀ ਮੈਂਬਰ ਸੰਨੀ ਕਾਠਪਾਲ, ਅੰਮ੍ਰਿਤ ਪਲ ਸਿੰਘ , ਦਰਸ਼ਨ ਕੁਮਾਰ ਸਮੇਤ ਹੋਰਨਾ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਹਲਕਾ ਰਾਜਪੁਰਾ ਵਿਧਾਇਕਾ, ਸੰਬੰਧਿਤ ਵਿਭਾਗ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਆਉਂਦੇ ਦਿਨਾਂ ’ਚ ਸੜਕ ਉੱਤੇ ਘੁੰਮ ਰਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਸਬੰਧੀ ਕੋਈ ਪੱਕਾ ਹੱਲ ਨਾ ਕੀਤਾ ਤਾਂ ਨੈਸ਼ਨਲ ਹਾਈਵੇ ਸੜਕ ਅਤੇ ਹਲਕਾ ਰਾਜਪੁਰਾ ਵਿਧਾਇਕ ਅਤੇ ਘਰ ਮੂਹਰੇ ਪੱਕਾ ਮੋਰਚਾ ਲਗਾਇਆ ਜਾਵੇਗਾ।