ਬੰਬ ਦੀ ਅਫ਼ਵਾਹ ’ਤੇ ਸ਼ਰਧਾ ਭਾਰੂ, ਭਗਤਾਂ ਦੀ ਆਮਦ ਪਹਿਲਾਂ ਦੀ ਤਰ੍ਹਾਂ ਜਾਰੀ
ਬੰਬ ਦੀ ਅਫਵਾਹ ’ਤੇ ਸ਼ਰਧਾ ਭਾਰੂ, ਭਗਤਾਂ ਦੀ ਆਮਦ ਪਹਿਲਾਂ ਦੀ ਤਰ੍ਹਾਂ ਜਾਰੀ
Publish Date: Fri, 05 Jun 2026 07:00 PM (IST)
Updated Date: Fri, 05 Jun 2026 07:02 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਕਾਲੀ ਮਾਤਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ’ਤੇ ਸ਼ਰਧਾ ਭਾਰੂ ਰਹੀ। ਸ਼ੁੱਕਰਵਾਰ ਨੂੰ ਸ਼੍ਰੀ ਕਾਲੀ ਮਾਤਾ ਮੰਦਰ ’ਚ ਸ਼ਰਧਾਲੂਆਂ ਦੀ ਆਮਦ ਪਹਿਲਾਂ ਦੀ ਤਰ੍ਹਾਂ ਜਾਰੀ ਰਹੀ ਤੇ ਭਗਤਾਂ ਨੇ ਬਿਨਾ ਡਰ ਭੈਅ ਤੋਂ ਮਾਤਾ ਦੇ ਦਰਸ਼ਨ ਕੀਤੇ। ਭਾਵੇ ਕਿ ਮੰਦਰ ਦੇ ਅੰਦਰ ਸੁਰੱਖਿਆ ਲਈ ਪ੍ਰਾਈਵੇਟ ਸਕਿਊਰਟੀ ਗਾਰਡ ਤੈਨਾਤ ਹਨ ਪਰ ਅਫਵਾਹ ਕਾਰਨ ਪੁਲਿਸ ਨੇ ਵੀ ਮੁਸਤੈਦੀ ਵਧਾ ਦਿੱਤੀ ਹੈ ਤੇ ਰੁਟੀਨ ਸਕਿਊਟਰੀ ਤੋਂ ਇਲਾਵਾ ਹੋਰ ਵੀ ਵਾਧੂ ਪੁਲਿਸ ਫੋਰਸ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਮੰਦਰ ਦੇ ਮੁੱਖ ਦਰਵਾਜ਼ਿਆਂ ਅਤੇ ਅਹਿਮ ਥਾਵਾਂ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉਧਰ ਮੰਦਰ ਵਿਚ ਮੱਥਾ ਟੇਕਣ ਲਈ ਸ਼ਰਧਾਲੂ ਪਹਿਲਾਂ ਦੀ ਤਰ੍ਹਾਂ ਆ ਹਨ ਤੇ ਸ਼ਨਿੱਚਰਵਾਰ ਨੂੰ ਭਾਰੀ ਗਿਣਤੀ ’ਚ ਸ਼ਰਧਾਲੂ ਇਤੇ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਨ੍ਹਾਂ ਵਿਚੋਂ ਜਿਆਦਾਤਰ ਸਰਦਾਲੂ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਇਥੇ ਪਹੁੰਚ ਜਾਂਦੇ ਹਨ। ਮੰਦਰ ਦੇ ਪੁਜਾਰੀ ਰਵੀ ਮਿਸ਼ਰਾ ਦਾ ਕਹਿਣਾ ਸੀ ਕਿ ਇਨ੍ਹਾਂ ਦਿਨਾਂ ਗਰਮੀ ਕਾਰਨ ਭਾਵੇ ਸ਼ਰਧਾਲੂਆਂ ਦੀ ਗਿਣਤੀ ਘਟ ਜਾਂਦੀ ਹੈ ਪਰ ਧਮਕੀ ਸ਼ਰਧਾਲੂਆਂ ਦੀ ਸ਼ਰਧਾਂ ਨਹੀਂ ਘਟਾ ਸਕੀ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਵਨੀਤ ਟੰਡਨ ਨੇ ਆਖਿਆ ਕਿ ਸ਼ਰਧਾ ਅੱਗੇ ਕੋਈ ਵੀ ਅਫਵਾਹ ਫਿੱਕੀ ਹੁੰਦੀ ਹੈ ਤੇ ਅਜਿਹੇ ਘਟਨਾਕ੍ਰਮ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਮੰਦਰ ਦੀ ਦੇਖਭਾਲ ਜਾਰੀ ਹੈ ਤੇ ਮੰਦਰ ਦੀ ਸੁਰੱਖਿਆ ਲਈ ਵਿਸ਼ੇਸ ਸਕਿਊਰਟੀ ਗਾਰਡਾਂ ਤੋਂ ਇਲਾਵਾ ਪੁਲਿਸ ਵੀ ਤੈਨਾਤ ਹੈ। ਮੰਦਰ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਬਾਰੇ ਤੁਰੰਤ ਜਾਣਕਾਰੀ ਦੇਣ। ਦੂਜੇ ਪਾਸੇ ਡੀਐੱਸਪੀ ਸੰਜੀਵ ਸਿੰਗਲਾ ਨੇ ਆਖਿਆ ਕਿ ਮੰਦਰ ਵਿਚ ਆਉਣ ਵਾਲੇ ਹਰ ਵਿਅਕਤੀ ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਗਾਰਡ ਮੰਦਰ ਕੰਪਲੈਕਸ ਦੇ ਅੰਦਰ ਤੇ ਬਾਹਰ ਲਗਾਤਾਰ ਗਸ਼ਤ ਕਰ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਤੋਂ ਬਾਅਦ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਤੇ ਚੈਕਿੰਗ ਤੋਂ ਬਾਅਦ ਹੀ ਉਨ੍ਹਾਂ ਨੂੰ ਮੰਦਰ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਾਣਕਾਰੀ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।