- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਜੇ ਅਤੇ ਗੰਦਗੀ ਤੋਂ ਪ੍ਰੇਸ਼ਾਨ ਪੁਡਾ ਐਨਕਲੇਵ-2 ਦੇ ਵਾਸੀ

ਕਰੋੜਾਂ ਰੁਪਏ ਦੀ ਜ਼ਮੀਨ ’ਤੇ ਗੈਰਕਾਨੂੰਨੀ ਨਿਰਮਾਣ ’ਤੇ ਕਬਜ਼ੇ : ਰਜਨੀਸ਼ ਜੈਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਜਪੁਰਾ ਰੋਡ ਸਥਿਤ ਪੁਡਾ ਐਨਕਲੇਵ-2 ਦੇ ਵਾਸੀ ਕਰੋੜਾਂ ਰੁਪਏ ਖਰਚ ਕਰਕੇ ਮਹਿੰਗੀ ਜ਼ਮੀਨ ਖਰੀਦਣ ਅਤੇ ਸਰਕਾਰ ਤੇ ਵਿਭਾਗ ਦੀਆਂ ਸਾਰੀਆਂ ਕਿਸਮਾਂ ਦੀਆਂ ਫੀਸਾਂ ਭਰਨ ਦੇ ਬਾਵਜੂਦ ਝੁੱਗੀ-ਝੋਪੜੀ ਵਾਸੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਗੈਰਕਾਨੂੰਨੀ ਨਿਰਮਾਣ ਅਤੇ ਗੰਦਗੀ ਕਾਰਨ ਬਹੁਤ ਪ੍ਰੇਸ਼ਾਨ ਹਨ। ਇੱਥੋਂ ਤੱਕ ਕਿ ਉਥੇ ਰਹਿਣ ਵਾਲੇ ਲੋਕ ਪੁਡਾ ਵੱਲੋਂ ਬੰਦ ਕੀਤੇ ਗਏ ਰਾਹ ਤੋੜ ਕੇ ਹਰ ਵੇਲੇ ਗੰਦਗੀ ਸੁੱਟਦੇ ਰਹਿੰਦੇ ਹਨ। ਰੇਜ਼ੀਡੈਂਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਾਜ ਸੇਵੀ ਅਤੇ ਜੈਨ ਸਭਾ ਗੁਰਬਖ਼ਸ਼ ਕਾਲੋਨੀ ਦੇ ਪ੍ਰਧਾਨ ਰਜਨੀਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ 50 ਹਜ਼ਾਰ ਰੁਪਏ ਪ੍ਰਤੀ ਗਜ਼ ਤੋਂ ਵੱਧ ਰੇਟ ਦੇ ਕੇ ਪੁਡਾ ਤੋਂ ਪਲਾਟ ਖਰੀਦੇ ਹਨ, ਜਿੱਥੇ ਸਾਰੇ ਲੋਕ ਆਪਣੇ ਸੁਪਨਿਆਂ ਦੇ ਘਰ ਬਣਾ ਰਹੇ ਹਨ। ਪੰਤੂ ਪੁਡਾ ਵੱਲੋਂ ਕਾਲੋਨੀ ਨਾਲ ਲੱਗਦੀ ਨਾਜਾਇਜ਼ ਕਬਜ਼ੇ ਵਾਲੀ ਜਗ੍ਹਾ ਨੂੰ ਖਾਲੀ ਕਰਵਾਉਣ ਸਬੰਧੀ ਲੰਮੇ ਸਮੇਂ ਤੋਂ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ। ਰੇਜ਼ੀਡੈਂਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੁਡਾ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ, ਪਰ ਹਰ ਵਾਰ ਉਨ੍ਹਾਂ ਵੱਲੋਂ ਇਹੀ ਜਵਾਬ ਮਿਲਦਾ ਹੈ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਆਲ ਇੰਡੀਆ ਜੈਨ ਕਾਨਫਰੰਸ ਦੇ ਮੈਂਬਰ ਰਜਨੀਸ਼ ਜੈਨ ਨੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਕੋਹਲੀ ਨੂੰ ਇਸ ਮਾਸਲੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਿਤੇ ਹੋਰ ਰਹਿਣ ਲਈ ਥਾਂ ਮੁਹੱਈਆ ਕਰਵਾਏ, ਕਿਉਂਕਿ ਜੇ ਸਰਕਾਰ ਨੇ ਕਾਲੋਨੀ ਕੱਟੀ ਹੈ ਤਾਂ ਕਰੋੜਾਂ ਰੁਪਏ ਖਰਚ ਕਰਕੇ ਘਰ ਬਣਾਉਣ ਵਾਲੇ ਵਾਸੀਆਂ ਨੂੰ ਸਾਰੀਆਂ ਸੁਵਿਧਾਵਾਂ ਦੇਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਜੇਪੀ ਗਰੁੱਪ ਦੇ ਸੀਨੀਅਰ ਵਾਈਸ ਪ੍ਰੇਜ਼ੀਡੈਂਟ ਰਜਨੀਸ਼ ਜੈਨ ਨੇ ਦੱਸਿਆ ਕਿ ਇਸ ਕਬਜੇ ਕਾਰਨ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਕਈ ਵਾਰ ਪਲਾਟਾਂ ਦੀ ਨੀਲਾਮੀ ਹੋਣ ਦੇ ਬਾਵਜੂਦ ਨਾਜਾਇਜ਼ ਕਬਜ਼ਿਆਂ ਕਰਕੇ ਕਿਸੇ ਨੇ ਵੀ ਉਨ੍ਹਾਂ ਨੂੰ ਨਹੀਂ ਖਰੀਦਿਆ। ਉਨ੍ਹਾਂ ਕਿਹਾ ਕਿ ਜੇ ਪੁਡਾ ਅਧਿਕਾਰੀਆਂ ਅਤੇ ਸਰਕਾਰ ਨੇ ਉਨ੍ਹਾਂ ਦੀ ਮੰਗ ’ਤੇ ਜਲਦੀ ਕਾਰਵਾਈ ਨਾ ਕੀਤੀ ਤਾਂ ਰੇਜ਼ੀਡੈਂਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਰੋਸ ਮੁਜ਼ਾਹਰੇ ਅਤੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਕੁਮਾਰ, ਸਕੱਤਰ ਗੌਰਵ ਕੁਮਾਰ, ਰਾਜਨ ਬੰਸਲ, ਸ਼ਿਵ ਸੈਨਾ ਦੇ ਰਵਿੰਦਰ ਸਿੰਗਲਾ, ਰਾਜੇਸ਼ ਗੋਇਲ, ਸੀਏ ਸ਼੍ਰੇਯਾਂਸ਼ ਜੈਨ, ਅਰੁਣ ਸ਼ਰਮਾ, ਵਰਮਾ ਸਟੋਰ ਅਤੇ ਸਾਹਨੀ ਫੁਟਵਿਅਰ ਦੇ ਸੰਚਾਲਕਾਂ ਸਮੇਤ ਕਾਲੋਨੀ ਦੇ ਵਸਨੀਕ ਮੌਜੂਦ ਰਹੇ।