- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕੋਹਲੇਮਾਜਰਾ ਦੇ ਟੋਬੇ ਦੀ ਜ਼ਮੀਨ ‘ਤੇ ਨਜਾਇਜ਼ ਕਬਜਾ ਕਰਾਉਣ ਸਰਪੰਚ ਤੇ ਬੀ.ਡੀ.ਪੀ.ਓ.ਦੀ ਮਿਲੀਭੁਗਤ ਦੇ ਲਗਾਏ ਦੋਸ਼

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਬਲਾਕ ਘਨੌਰ ਦੇ ਪਿੰਡ ਕੋਹਲੇਮਾਜਰਾ ਵਿਚ ਪੰਚਾਇਤੀ ਟੋਬੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ਾਂ ਨੂੰ ਲੈ ਕੇ ਪਿੰਡ ਦੇ ਵਸਨੀਕ ਬਲਬੀਰ ਸਿੰਘ ਪੁੱਤਰ ਹਜੂਰਾ ਸਿੰਘ ਨੇ ਪੱਤਰਕਾਰ ਨੂੰ ਹਲਫੀਆ ਬਿਆਨ ਦੇ ਕੇ ਦੋਸ਼ ਲਗਾਇਆ ਕਿ ਪਿੰਡ ਦੇ ਹੀ ਗੁਰਲਾਲ ਸਿੰਘ ਤੇ ਨਿਰਮੈਲ ਸਿੰਘ ਵੱਲੋਂ ਪੰਚਾਇਤੀ ਟੋਬੇ ਦੀ ਜ਼ਮੀਨ ’ਤੇ ਸ਼ੈੱਡ ਪਾ ਕੇ ਨਾਜਾਇਜ਼ ਤੌਰ ’ਤੇ ਕਬਜ਼ਾ ਕੀਤਾ ਗਿਆ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ 2 ਮਾਰਚ ਨੂੰ ਇਸ ਮਾਮਲੇ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਘਨੌਰ ਤੇ ਡਿਸਟ੍ਰਿਕਟ ਡਿਵੈੱਲਪਮੈਂਟ ਐਂਡ ਪੰਚਾਇਤ ਅਫਸਰ (ਡੀਡੀਪੀਓ) ਪਟਿਆਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਮੁਤਾਬਕ ਇਹ ਕਬਜ਼ਾ ਖਸਰਾ ਨੰਬਰ 438, ਜੋ ਕਿ ਟੋਬੇ ਦੀ ਪੰਚਾਇਤੀ ਜ਼ਮੀਨ ਹੈ, ‘ਤੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਨਾਜਾਇਜ਼ ਕਬਜ਼ਾ ਪਿੰਡ ਦੀ ਸਰਪੰਚ ਬਲਜੀਤ ਕੌਰ ਤੇ ਬੀਡੀਪੀਓ ਘਨੌਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ, ਵਿਕਾਸ ਭਵਨ ਮੋਹਾਲੀ ਕੋਲ ਵੀ ਵਿਚਾਰ ਅਧੀਨ ਹੈ ਤੇ ਇਸ ਦੀ ਅਗਲੀ ਪੇਸ਼ੀ 15 ਅਪ੍ਰੈਲ 2026 ਨੂੰ ਨਿਰਧਾਰਤ ਕੀਤੀ ਗਈ ਹੈ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸਬੰਧਤ ਵਿਅਕਤੀਆਂ ਨੂੰ ਸੰਮਨ ਤਾਮੀਲ ਹੋਣ ਦੇ ਬਾਵਜੂਦ ਵੀ ਟੋਬੇ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਬੀਡੀਪੀਓ ਘਨੌਰ ਜਤਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸਾਹਿਬ ਵੱਲੋਂ ਭੇਜੇ ਗਏ ਸੰਮਨ ਦੀ ਤਾਮੀਲ ਹੋ ਚੁੱਕੀ ਹੈ ਅਤੇ ਇਸ ਜਗ੍ਹਾ ਸਬੰਧੀ ਕੋਈ ਸਟੇਅ ਨਹੀਂ ਹੈ ਅਤੇ ਇਹ ਜਗ੍ਹਾ ਨੰਬਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਸੰਬੰਧਤ ਥਾਣੇ ਨੂੰ ਵੀ ਕਾਰਵਾਈ ਲਈ ਲਿਖਿਆ ਗਿਆ ਹੈ ਤਾਂ ਜੋ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਸਕੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਸ ਜਗ੍ਹਾ ਬਾਰੇ ਸ਼ਿਕਾਇਤ ਕੀਤੀ ਗਈ ਹੈ ਉਹ ਗੁਰਲਾਲ ਸਿੰਘ ਤੇ ਨਿਰਮੈਲ ਸਿੰਘ ਪੁੱਤਰਾਨ ਪ੍ਰੀਤਮ ਸਿੰਘ ਵੱਲੋਂ ਮੁੱਲ ਖਰੀਦੀ ਹੋਈ ਜ਼ਮੀਨ ਹੈ ਅਤੇ ਇਸ ਦੇ ਕਾਗਜ਼ਾਤ ਵੀ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਬਾਰੇ ਵਿਵਾਦ ਬਣਾਇਆ ਜਾ ਰਿਹਾ ਹੈ ਉਹ ਵਿਚਕਾਰਲੀ ਜਗ੍ਹਾ ਹੈ ਅਤੇ ਇਸ ਦੇ ਆਲੇ-ਦੁਆਲੇ ਪਹਿਲਾਂ ਹੀ ਮਕਾਨ ਬਣੇ ਹੋਏ ਹਨ। ਹੋਰ ਲੋਕਾਂ ਵਲੋਂ ਪਹਿਲਾਂ ਵੀ ਮਕਾਨ ਉਸਾਰੇ ਗਏ ਹਨ। ਸਰਪੰਚ ਬਲਜੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਸਾਹਮਣੇ ਆਇਆ ਹੈ ਅਤੇ ਪੰਚਾਇਤ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਦੀ ਮਿਣਤੀ ਲਈ ਦਰਖ਼ਾਸਤ ਦਿੱਤੀ ਹੋਈ ਹੈ ਅਤੇ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਪਿੰਡ ਵਿੱਚ ਨਿਸ਼ਾਨਦੇਹੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਦਾ ਵੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਪਾਇਆ ਗਿਆ ਤਾਂ ਉਸ ਖ਼ਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਪਿੰਡ ’ਚ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਹਨ ਅਤੇ ਲੋਕਾਂ ਦੀ ਨਜ਼ਰ ਹੁਣ ਪ੍ਰਸ਼ਾਸਨ ਵੱਲ ਹੈ ਕਿ ਜਾਂਚ ਤੋਂ ਬਾਅਦ ਕੀ ਨਤੀਜਾ ਸਾਹਮਣੇ ਆਉਂਦਾ ਹੈ।