ਕਬੱਡੀ ਕੱਪ ਦੇ ਪੈਸਿਆਂ ਨੂੰ ਲੈ ਕੇ ਛਿੜਿਆ ਵਿਵਾਦ
ਕਬੱਡੀ ਕੱਪ ਦੇ ਪੈਸਿਆਂ ਨੂੰ ਲੈ ਕੇ ਵਿਵਾਦ, ਅਕਾਲੀ ਆਗੂਆਂ ਨੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਦਿੱਤਾ ਚੈਲੇਂਜ
Publish Date: Mon, 16 Mar 2026 04:38 PM (IST)
Updated Date: Mon, 16 Mar 2026 04:40 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਿਛਲੇ ਦਿਨੀਂ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਬਾਦਲ ਸਰਕਾਰ ਦੌਰਾਨ ਕਰਵਾਏ ਗਏ ਕਬੱਡੀ ਕੱਪਾਂ ਦੇ ਪੈਸੇ ਉਨ੍ਹਾਂ ਨੂੰ ਸਿੱਧੇ ਨਹੀਂ ਦਿੱਤੇ ਗਏ ਸਨ, ਸਗੋਂ ਕੋਰਟ ਰਾਹੀਂ ਲੈਣੇ ਪਏ। ਇਸ ਬਿਆਨ ਤੋਂ ਬਾਅਦ ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਸੋਸ਼ਲ ਮੀਡੀਆ ਰਾਹੀਂ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਉਹ ਸਾਬਤ ਕਰਨ ਕਿ ਅਕਾਲੀ ਦਲ ਨੇ ਕਿਸ ਖਿਡਾਰੀ ਦੇ ਪੈਸੇ ਕਦੇ ਰੋਕੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਗੱਲ ਸਾਬਤ ਨਾ ਹੋਵੇ ਤਾਂ ਵਿਧਾਇਕ ਨੂੰ ਜਨਤਕ ਤੌਰ ’ਤੇ ਮਾਫੀ ਮੰਗਣੀ ਚਾਹੀਦੀ ਹੈ। ਮਲੂਕਾ ਨੇ ਕਿਹਾ ਕਿ ਕਬੱਡੀ ਖੇਡ ਨੂੰ ਪ੍ਰਫੁੱਲਤ ਕਰਨ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਕਬੱਡੀ ਕੱਪ ਕਰਵਾਏ। ਉਨ੍ਹਾਂ ਦੱਸਿਆ ਕਿ 2016 ਵਿਚ ਹੋਏ ਕਬੱਡੀ ਕੱਪਾਂ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਦਲ ਗਈ ਸੀ ਅਤੇ ਸੱਤਾ ਕਾਂਗਰਸ ਕੋਲ ਆ ਗਈ ਸੀ, ਇਸ ਲਈ ਸੰਭਵ ਹੈ ਕਿ ਕੋਈ ਮਾਮਲਾ ਉਸ ਦੌਰਾਨ ਕੋਰਟ ਤੱਕ ਗਿਆ ਹੋਵੇ। ਉਨ੍ਹਾਂ ਕਿਹਾ ਕਿ ਵਿਧਾਇਕ ਗੁਰਲਾਲ ਸਿੰਘ ਘਨੌਰ, ਜੋ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਹਨ, ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਕਬੱਡੀ ਦੇ ਵਿਕਾਸ ਲਈ ਹਲਕੇ ਵਿਚ ਕੋਈ ਵੱਡਾ ਟੂਰਨਾਮੈਂਟ ਜਾਂ ਕਬੱਡੀ ਕੱਪ ਨਹੀਂ ਕਰਵਾਇਆ। ਇਸ ਦੌਰਾਨ ਹਲਕਾ ਘਨੌਰ ਤੋਂ ਅਕਾਲੀ ਦਲ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਵੀ ਵਿਧਾਇਕ ਦੇ ਬਿਆਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਬਿਆਨਾਂ ਲਈ ਜਨਤਕ ਤੌਰ ’ਤੇ ਮਾਫੀ ਮੰਗਣ। ਇਸ ਸਬੰਧੀ ਸਿਕੰਦਰ ਸਿੰਘ ਮਲੂਕਾ ਨਾਲ ਮੋਬਾਈਲ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਬੱਡੀ ਖੇਡ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਕਿਸੇ ਵੀ ਖਿਡਾਰੀ ਦੇ ਪੈਸੇ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮਾਮਲੇ ਬਾਰੇ ਵਿਧਾਇਕ ਗੁਰਲਾਲ ਸਿੰਘ ਘਨੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।