ਵਿਸ਼ੂ ਨੇ ਪੰਜਾਬ ’ਚੋਂ 7ਵਾਂ ਸਥਾਨ ਕੀਤਾ ਹਾਸਲ
ਵਿਸ਼ੂ ਨੇ ਪੰਜਾਬ ਵਿੱਚੋਂ 7ਵਾਂ ਸਥਾਨ ਕੀਤਾ ਹਾਸਿਲ
Publish Date: Sun, 12 Apr 2026 05:29 PM (IST)
Updated Date: Mon, 13 Apr 2026 04:07 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ ਛੰਨਾ ਦੇਵੀਗਡ਼੍ਹ ਦਾ ਅੱਠਵੀਂ ਜਮਾਤ ਦਾ ਨਤੀਜਾ ਇਸ ਸਾਲ ਵੀ ਬੇਹੱਦ ਸ਼ਾਨਦਾਰ ਰਿਹਾ। ਸਕੂਲ ਦੇ ਕੁੱਲ 35 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 7 ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ, ਜਦਕਿ 21 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਸਭ ਤੋਂ ਵੱਡੀ ਉਪਲਬਧੀ ਸਕੂਲ ਦੀ ਹੋਣਹਾਰ ਵਿਦਿਆਰਥਣ ਵਿਸ਼ੂ ਨੇ ਹਾਸਿਲ ਕੀਤੀ, ਜਿਸ ਨੇ 600 ਵਿੱਚੋਂ 593 ਅੰਕ ਪ੍ਰਾਪਤ ਕਰ ਕੇ ਇਲਾਕੇ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਵਿਸ਼ੂ ਨੇ ਪੂਰੇ ਪੰਜਾਬ ਵਿੱਚ ਸੱਤਵਾਂ ਸਥਾਨ, ਜ਼ਿਲ੍ਹਾ ਪਟਿਆਲਾ ਵਿੱਚ ਤੀਜਾ ਸਥਾਨ ਅਤੇ ਬਲਾਕ ਦੇਵੀਗਡ਼੍ਹ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਚਮਕਾਇਆ ਹੈ। ਇਸ ਤੋਂ ਇਲਾਵਾ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ 97 ਫੀਸਦੀ ਅੰਕ ਹਾਸਲ ਕੀਤੇ, ਜਦਕਿ ਜਸ਼ਨਪ੍ਰੀਤ ਕੌਰ ਅਤੇ ਮਨਸੀਰਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਵੱਡੀ ਗਿਣਤੀ ਵਿੱਚ ਸਕੂਲ ਪਹੁੰਚੇ। ਉਨ੍ਹਾਂ ਨੇ ਸਕੂਲ ਦੀ ਉੱਚ ਦਰਜੇ ਦੀ ਸਿੱਖਿਆ ਅਤੇ ਅਨੁਸ਼ਾਸਿਤ ਵਾਤਾਵਰਣ ਦੀ ਸ਼ਲਾਘਾ ਕੀਤੀ। ਮਾਪਿਆਂ ਨੇ ਕਿਹਾ ਕਿ ਸਕੂਲ ਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੈਰਿਟ ਸੂਚੀਆਂ ਵਿੱਚ ਆਪਣਾ ਸਥਾਨ ਬਣਾਉਂਦੇ ਆ ਰਹੇ ਹਨ, ਜੋ ਸਕੂਲ ਦੀ ਮਜ਼ਬੂਤ ਸਿੱਖਿਆ ਪ੍ਰਣਾਲੀ ਦਾ ਸਪਸ਼ਟ ਸਬੂਤ ਹੈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਿੱਖਿਆ ਹੀ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਂਦੀ ਹੈ। ਸਕੂਲ ਦੇ ਪ੍ਰਿੰਸੀਪਲ ਨਵਤੇਜ ਸਿੰਘ ਅਤੇ ਐਮ.ਡੀ. ਸੰਤੋਖ ਸਿੰਘ ਨੇ ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਉੱਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।