ਹਰ ਲਾਭਪਾਤਰੀ ਨੂੰ ਮਕਾਨ ਬਣਾਉਣ ਲਈ ਢਾਈ ਲੱਖ ਰੁਪਏ ਦੀ ਪ੍ਰਵਾਨਗੀ : ਜੌੜਾਮਾਜਰਾ
ਹਰ ਲਾਭਪਾਤਰੀ ਨੂੰ ਮਕਾਨ ਬਣਾਉਣ ਲਈ ਢਾਈ ਲੱਖ ਰੁਪਏ ਦੀ ਪ੍ਰਵਾਨਗੀ: ਜੌੜਾਮਾਜਰਾ
Publish Date: Sat, 03 Jan 2026 05:28 PM (IST)
Updated Date: Sat, 03 Jan 2026 05:32 PM (IST)
ਭਾਰਤ ਭੂਸ਼ਣ, ਗੋਇਲ ਪੰਜਾਬੀ ਜਾਗਰਣ
ਸਮਾਣਾ : ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਸ਼ਹਿਰ ਦੇ 407 ਲਾਭਪਾਤਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਮਕਾਨ ਬਣਾਉਣ ਲਈ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ। ਸਮਾਣਾ ਵਿਖੇ ਕਰਵਾਏ ਸਮਾਗਮ ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ)-2.0 ਤਹਿਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਲਾਭਪਾਤਰੀ ਨੂੰ ਮਕਾਨ ਬਣਾਉਣ ਲਈ ਢਾਈ ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਨਵੇਂ ਸਾਲ ’ਤੇ ਮਕਾਨ ਬਣਾਉਣ ਲਈ ਢਾਈ ਲੱਖ ਰੁਪਏ ਦੀ ਸਹਾਇਤਾ ਮਿਲਣ ਦੀ ਵੀ ਵਧਾਈ ਦਿੱਤੀ।
ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਇਕੱਲੇ ਹਲਕਾ ਸਮਾਣਾ ਅੰਦਰ 1000 ਦੇ ਕਰੀਬ ਲੋੜਵੰਦਾਂ ਨੂੰ ਆਪਣੇ ਮਕਾਨ ਬਣਾਉਣ ਲਈ ਸਹਾਇਤਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਲੋੜਵੰਦ ਵਿਅਕਤੀ ਲਈ ਸਿਰ ਦੀ ਛੱਤ ਮਿਲ ਜਾਵੇ ਤਾਂ ਉਸ ਲਈ ਬਹੁਤ ਵੱਡੀ ਸਹਾਇਤਾ ਹੋ ਜਾਂਦੀ ਹੈ ਅਤੇ ਇਹ ਕਾਰਜ ਕਰ ਕੇ ਪੰਜਾਬ ਸਰਕਾਰ ਨੇ ਲੋੜਵੰਦਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਕਿਸੇ ਸਿਫ਼ਾਰਸ਼ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਕਾਰਜ ਬਿਨਾਂ ਕਿਸੇ ਵਿਤਕਰੇ ਦੇ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਰੁਪਏ ਤਕ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਦੇ ਕੀਤੇ ਗਏ ਫੈਸਲੇ ਨੂੰ ਲੋਕ ਪੱਖੀ ਤੇ ਅਹਿਮ ਫੈਸਲਾ ਦੱਸਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਦਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਦੇਵ ਸਿੰਘ ਟਿਵਾਣਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ, ਕੌਂਸਲਰ ਸਹਿਬਾਨ ਸਮੇਤ ਗੋਪਾਲ ਕ੍ਰਿਸ਼ਨ, ਸ਼ੰਕਰ ਜਿੰਦਲ, ਦੀਪਕ ਵਧਵਾ, ਰਣਜੀਤ ਸਿੰਘ ਰਾਣਾ ਮਿਆਲਾ, ਸੁਨੈਨਾ ਮਿੱਤਲ, ਰਾਜ ਕੁਮਾਰ, ਵਿਸ਼ਾਲ ਜਿੰਦਲ, ਸੰਦੀਪ ਲੂੰਬਾ, ਸੰਜੇ ਮੰਤਰੀ, ਸੰਜੇ ਸਾਹਨੀ, ਅਨਿਲ ਗੋਇਲ, ਵਿਕਾਸ ਵਰਮਾ, ਸੁਰਜੀਤ ਦਹੀਆ, ਪਾਰਸ ਸ਼ਰਮਾ, ਅਮਿਤ ਧਾਲੀਵਾਲ, ਰਵਿੰਦਰ ਸੋਹਲ, ਰਵੀ ਰੰਧਾਵਾ, ਰੰਮੀ ਸ਼ਰਮਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।