ਸੁਨਾਮ ’ਚ ਵਿਕਾਸ ਨੂੰ ਤਰਸਿਆ ਜੀਆ ਲਾਲ ਜੋਸ਼ੀ ਪਾਰਕ
ਸੁਨਾਮ ’ਚ ਵਿਕਾਸ ਨੂੰ ਤਰਸਿਆ ਜੀਆ ਲਾਲ ਜੋਸ਼ੀ ਪਾਰਕ
Publish Date: Thu, 09 Apr 2026 06:02 PM (IST)
Updated Date: Fri, 10 Apr 2026 04:12 AM (IST)

ਮਨੁੱਖਾਂ ਦੀ ਥਾਂ ਲਵਾਰਿਸ ਪਸ਼ੂਆਂ ਦਾ ਬਣਿਆ ਅੱਡਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀ ਹਦੂਦ ਅੰਦਰ ਵਾਰਡ ਨੰਬਰ ਪੰਜ ਵਿੱਚ ਸਥਿਤ ਜੀਆ ਲਾਲ ਜੋਸ਼ੀ ਮੈਮੋਰੀਅਲ ਮਿਉਂਸਪਲ ਪਾਰਕ ਪ੍ਰਸ਼ਾਸਨ ਦੀ ਬੇਰੁਖ਼ੀ ਅਤੇ ਅਣਦੇਖੀ ਦੀ ਜਿਉਂਦੀ-ਜਾਗਦੀ ਮਿਸਾਲ ਬਣ ਚੁੱਕਾ ਹੈ। ਪਿਛਲੇ ਦਸ ਸਾਲਾਂ ਤੋਂ ਇਹ ਪਾਰਕ ਵਿਕਾਸ ਦੀ ਰਾਹ ਦੇਖ ਰਿਹਾ ਹੈ, ਪਰੰਤੂ ਸਥਿਤੀ ਸੁਧਰਨ ਦੀ ਬਜਾਏ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਅੱਜ ਆਲਮ ਇਹ ਹੈ ਕਿ ਇਹ ਪਾਰਕ ਸ਼ਹਿਰ ਨਿਵਾਸੀਆਂ ਦੀ ਸੈਰ-ਸਪਾਟੇ ਦੀ ਥਾਂ ਨਹੀਂ, ਸਗੋਂ ਅਵਾਰਾ ਪਸ਼ੂਆਂ ਦੀ ਅਰਾਮਗਾਹ ਵਿੱਚ ਤਬਦੀਲ ਹੋ ਗਿਆ ਹੈ। ਪਸ਼ੂਆਂ ਦਾ ਬਣਿਆ ਠਿਕਾਣਾ ਪਾਰਕ ਵਿੱਚ ਦਿਨ-ਰਾਤ ਅਵਾਰਾ ਪਸ਼ੂਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਗੰਦਗੀ ਅਤੇ ਡਰ ਕਾਰਨ ਆਮ ਨਾਗਰਿਕ ਇੱਥੋਂ ਲੰਘਣ ਤੋਂ ਵੀ ਕਤਰਾਉਂਦੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਮੌਕੇ ਦਾ ਮੁਆਇਨਾ ਕੀਤਾ ਗਿਆ, ਪਰ ਉਹ ਨਿਰੀਖਣ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੇ। ਜ਼ਮੀਨੀ ਪੱਧਰ ਤੇ ਕੋਈ ਵੀ ਠੋਸ ਕੰਮ ਨਹੀਂ ਹੋਇਆ। ਵਾਰਡ ਨੰਬਰ 5 ਦੇ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸ਼ਿਕਾਇਤ ਲੈ ਕੇ ਜਾਂਦੇ ਹਨ, ਉਨ੍ਹਾਂ ਨੂੰ ਟੈਂਡਰ ਹੋ ਚੁੱਕਾ ਹੈ ਅਤੇ ਜਲਦੀ ਕੰਮ ਸ਼ੁਰੂ ਹੋਵੇਗਾ ਵਰਗੇ ਰਟੇ-ਰਟਾਏ ਜਵਾਬ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਮੁਹੱਲਾ ਨਿਵਾਸੀਆਂ ਦਰਸ਼ਨ ਸਿੰਘ, ਅਸ਼ੋਕ ਕੁਮਾਰ, ਵਰਿੰਦਰ ਭੂਸ਼ਣ ਅਤੇ ਡਾਕਟਰ ਮੁਕੇਸ਼ ਜੈਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਰੀਬ ਦੋ ਦਹਾਕੇ ਪਹਿਲਾਂ ਤਤਕਾਲੀ ਕੌਂਸਲਰ ਗੁਰਚਰਨ ਸਿੰਘ ਧਾਲੀਵਾਲ ਨੇ ਇਸ ਪਾਰਕ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਤੋਂ ਬਾਅਦ ਕਿਸੇ ਵੀ ਨੁਮਾਇੰਦੇ ਜਾਂ ਅਧਿਕਾਰੀ ਨੇ ਇਸ ਦੀ ਸਾਰ ਨਹੀਂ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਪਾਰਕ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਘਰੋਂ ਨਿਕਲਣਾ ਦੁਸ਼ਵਾਰ ਹੋ ਗਿਆ ਹੈ। ਜੋ ਲੋਕ ਮਜਬੂਰੀ ਵਿੱਚ ਉੱਥੋਂ ਲੰਘਦੇ ਹਨ, ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਬਹੁਤ ਚੌਕਸ ਅਤੇ ਫੁਰਤੀਲਾ ਰਹਿਣਾ ਪੈਂਦਾ ਹੈ ਤਾਂ ਜੋ ਕਿਸੇ ਪਸ਼ੂ ਦੇ ਹਮਲੇ ਦਾ ਸ਼ਿਕਾਰ ਨਾ ਹੋਣਾ ਪਵੇ। ਨਗਰ ਕੌਂਸਲ ਦੀ ਇਸ ਕਾਰਜਪ੍ਰਣਾਲੀ ਤੇ ਹੁਣ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਾਂ ਫਿਰ ਇਸ ਵਾਰ ਵੀ ਟੈਂਡਰ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇਗਾ? ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਜੀਆ ਲਾਲ ਜੋਸ਼ੀ ਦੀ ਯਾਦ ਵਿੱਚ ਬਣੇ ਇਸ ਪਾਰਕ ਦਾ ਨਵੀਨੀਕਰਨ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇ ਤਾਂ ਜੋ ਵਾਰਡ ਵਾਸੀਆਂ ਨੂੰ ਇਸ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਪਾਰਕ ਦਾ ਜਲਦੀ ਹੀ ਨਵੀਨੀਕਰਨ ਕਰਵਾਇਆ ਜਾਵੇਗਾ : ਈਓ ਨਗਰ ਕੌਂਸਲ ਸੁਨਾਮ ਦੇ ਕਾਰਜਸਾਧਕ ਅਧਿਕਾਰੀ ਬਾਲਕ੍ਰਿਸ਼ਨ ਗੋਗੀਆ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪਾਰਕ ਦਾ ਜਲਦੀ ਹੀ ਨਵੀਨੀਕਰਨ ਕਰਵਾਇਆ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।