ਬਾਸੀਅਰਕ 'ਤੇ ਝਨੇੜੀ ਨੂੰ ਹੁਣ ਅੰਡਰਗਰਾਊਂਡ ਪਾਈਪਲਾਈਨ ਨਾਲ ਮਿਲੇਗਾ ਨਹਿਰੀ ਪਾਣੀ
ਬਾਸੀਅਰਕ 'ਤੇ ਝਨੇੜੀ ਨੂੰ ਹੁਣ ਅੰਡਰਗਰਾਊਂਡ ਪਾਈਪਲਾਈਨ ਨਾਲ ਮਿਲੇਗਾ ਨਹਿਰੀ ਪਾਣੀ
Publish Date: Tue, 21 Apr 2026 06:52 PM (IST)
Updated Date: Wed, 22 Apr 2026 04:10 AM (IST)

ਪ੍ਰਾਜੈਕਟ ’ਤੇ ਕਰੀਬ ਸਾਢੇ 3 ਕਰੋੜ ਦੀ ਆਵੇਗੀ ਲਾਗਤ : ਭਰਾਜ ਪਾਈਪ ਲਾਈਨ ਨਾਲ 1472 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪਿੰਡ ਬਾਸੀਅਰਕ ਅਤੇ ਲਸੇੜੀ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਨ ਲਈ ਅੰਡਰਗਰਾਊਂਡ ਪਾਈਪਲਾਈਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤੀ ਗਈ। ਵਿਧਾਇਕ ਭਰਾਜ ਨੇ ਦੱਸਿਆ ਕਿ 3 ਕਰੋੜ 53 ਲੱਖ ਰੁਪਏ ਲਾਗਤ ਨਾਲ ਆਰੰਭੇ ਪ੍ਰੋਜੈਕਟ ਨਾਲ ਇਲਾਕੇ ਦੇ 167 ਕਿਸਾਨਾਂ ਦੇ 1472 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗ ਜਾਵੇਗੀ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਕਿਸਾਨਾਂ ਦੀ ਆਰਥਿਕਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਵੇਗਾ। ਪਾਈ ਜਾਣ ਵਾਲੀ ਲਗਭਗ 24 ਕਿਲੋਮੀਟਰ ਲੰਮੀ ਪਾਇਪ ਲਾਈਨ ਦੀ ਸਮਰੱਥਾ 4.98 ਕਿਊਸਿਕ ਪਾਣੀ ਸੰਭਾਲਣ ਦੀ ਹੋਵੇਗੀ। ਉਨਾਂ ਹੋਰ ਦੱਸਿਆ ਕਿ ਪਿੰਡ ਬਾਸੀਅਰਕ ਵਿਖੇ 02 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ 15 ਕਿਲੋਮੀਟਰ ਅਤੇ ਪਿੰਡ ਝਨੇੜੀ ਵਿਖੇ 01 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ 09 ਕਿਲੋਮੀਟਰ ਅੰਡਰਗਰਾਊਂਡ ਪਾਈਪਲਾਈਨ ਪਾਕੇ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਖੇਤੀਬਾੜੀ ਦੀ ਲਾਗਤ ਨੂੰ ਘਟਾਉਂਦੇ ਹੋਏ ਵਾਤਾਵਰਣ ਨੂੰ ਸਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਉਪਲਬਧਤਾ ਨਾਲ ਕਿਸਾਨਾਂ ਨੂੰ ਡੀਜ਼ਲ ‘ਤੇ ਆਧਾਰਿਤ ਸਿੰਚਾਈ ਦੇ ਖਰਚੇ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਲਾਗਤ ਘਟੇਗੀ। ਉਨ੍ਹਾਂ ਨੇ ਦੱਸਿਆ ਕਿ ਨਹਿਰੀ ਪਾਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦਾ ਹੈ ਕਿਉਂਕਿ ਇਸ ਵਿੱਚ ਲੋੜੀਂਦੇ ਖੁਰਾਕੀ ਤੱਤ ਉਚਿੱਤ ਮਾਤਰਾ ਵਿੱਚ ਹੁੰਦੇ ਹਨ। ਇਸ ਨਾਲ ਖੇਤੀ ਪ੍ਰਣਾਲੀ ਹੋਰ ਸੁਧਾਰ ਆਵੇਗਾ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਵੀ ਯੋਗਦਾਨ ਪਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਜਾਣਗੇ, ਤਾਂ ਜੋ ਹਰ ਕਿਸਾਨ ਤੱਕ ਨਹਿਰੀ ਪਾਣੀ ਦੀ ਸਹੂਲਤ ਪਹੁੰਚ ਸਕੇ। ਇਸ ਮੌਕੇ ਜਗਸੀਰ ਸਿੰਘ ਝਨੇੜੀ, ਗੁਰਚਰਨ ਸਿੰਘ ਚਹਿਲ, ਸਨਦੀਪ ਸਿੰਘ, ਦਰਸ਼ਨ ਸਿੰਘ ਮੌਜੂਦ ਸਨ।