ਜੇਜੀ ਕਾਲਜ ਨੇ ਨਸ਼ਿਆਂ ਖ਼ਿਲਾਫ਼ ਕੱਢੀ ਰੈਲੀ
ਜੇਜੀ ਕਾਲਜ ਨੇ ਨਸ਼ਿਆਂ ਖ਼ਿਲਾਫ਼ ਕੱਢੀ ਰੈਲੀ
Publish Date: Sun, 04 Jan 2026 04:22 PM (IST)
Updated Date: Mon, 05 Jan 2026 04:05 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਕੋਆਰਡੀਨੇਟਰ ਅਫਸਰ ਰੀਟਾ ਰਾਵਤ ਤੇ ਪ੍ਰੋਫੈਸਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜਾਗਰੁਕਤਾ ਰੈਲੀ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਨੂੰ ਨਸ਼ਿਆਂ ਦੇ ਦੁਰ ਪ੍ਰਭਾਵ ਬਾਰੇ ਸੁਚੇਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਰੈਲੀ ਵਿਚ ਐੱਨਐੱਸਐੱਸ ਦੇ ਸਵੈਇੱਛਕ ਸੇਵਾਦਾਰਾਂ ਨੇ ਜੋਸ਼ ਤੇ ਉਤਸ਼ਾਹ ਪੂਰਵਕ ਭਾਗ ਲਿਆ। ਵਿਦਿਆਰਥੀਆਂ ਨੇ ਨਸ਼ਿਆਂ ਨੂੰ ਨਾਂ ਕਹੋ, ਸਿਹਤਮੰਦ ਯੁਵਾ ਮਜਬੂਤ ਸਮਾਜ ਵਰਗੇ ਨਾਰਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਇਹ ਰੈਲੀ ਕੈਂਪ ਸਥਾਨ ਤੋਂ ਸ਼ੁਰੂ ਹੋ ਕੇ ਆਸਪਾਸ ਦੇ ਇਲਾਕਿਆਂ ਵਿੱਚੋਂ ਗੁਜਰੀ ਜਿੱਥੇ ਸਥਾਨਕ ਲੋਕਾਂ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਕਟਰ ਰੀਟਾ ਰਾਵਤ ਨੇ ਕਿਹਾ ਕਿ ਨਸ਼ੇ ਨੌਜਵਾਨ ਪੀੜੀ ਦੇ ਭਵਿੱਖ ਲਈ ਸਭ ਤੋਂ ਵੱਡੀ ਚੁਣੌਤੀ ਹਨ ਇਨ੍ਹਾਂ ਤੋਂ ਦੂਰ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪ੍ਰੋਫੈਸਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਹੋਰਾਂ ਨੂੰ ਵੀ ਇਸ ਬੁਰਾਈ ਦੇ ਖ਼ਿਲਾਫ਼ ਜਾਗਰੂਕ ਕਰਨ। ਰੈਲੀ ਦੇ ਅਖੀਰ ਵਿਚ ਸਵੈਇੱਛਕ ਸੇਵਾਦਾਰਾਂ ਨੇ ਇਹ ਸੰਕਲਪ ਲਿਆ ਕਿ ਉਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਲਗਾਤਾਰ ਯਤਨ ਕਰਦੇ ਰਹਿਣਗੇ।