ਜਾਤੀ ਦਾ ਸਰਟੀਫ਼ਿਕੇਟ ਬਣਾਉਣ ਲਈ ਸੇਵਾ ਕੇਂਦਰਾਂ ’ਚ ਲੱਗੀਆਂ ਕਤਾਰਾਂ
ਜਾਤੀ ਦਾ ਸਰਟੀਫ਼ਕੇਟ ਬਣਾਉਣ ਲਈ ਸੇਵਾ ਕੇਂਦਰਾਂ ਅੱਗੇ ਲੱਗਣ ਲੱਗੀਆਂ ਕਤਾਰਾਂ
Publish Date: Sun, 05 Apr 2026 04:36 PM (IST)
Updated Date: Sun, 05 Apr 2026 04:40 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸੂਬਾ ਸਰਕਾਰ ਵੱਲੋਂ ਜਨਰਲ ਵਰਗ ਦੀਆਂ ਮਹਿਲਾਵਾਂ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਲਈ ਐਲਾਨੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਹਾਸਿਲ ਕਰਨ ਲਈ ਸੇਵਾ ਕੇਂਦਰਾਂ ਅੱਗੇ ਜਾਤੀ ਸਰਟੀਫਿਕੇਟ ਬਣਾਉਣ ਲਈ ਮਹਿਲਾਵਾਂ ਦੀਆਂ ਵੱਡੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਬਨੂੜ ਦੇ ਇੱਕੋ-ਇੱਕ ਸੇਵਾ ਕੇਂਦਰ ਵਿਖੇ ਨੌਂ ਵਜੇ ਆਰੰਭ ਹੁੰਦੀ ਟੋਕਨ ਵੰਡ ਤੋਂ ਪਹਿਲਾਂ ਸਵੇਰੇ ਸੱਤ ਵਜੇ ਹੀ ਮਹਿਲਾਵਾਂ ਆ ਕੇ ਕਤਾਰਾਂ ਵਿਚ ਲੱਗ ਜਾਂਦੀਆਂ ਹਨ। ਕਈਂ ਮਹਿਲਾਵਾਂ ਦੇ ਪਤੀ ਜਾਂ ਪੁੱਤਰ ਲਾਇਨਾਂ ਵਿਚ ਖੜ੍ਹ ਕੇ ਟੋਕਨ ਪ੍ਰਾਪਤ ਕਰਦੇ ਹਨ ਅਤੇ ਫ਼ਿਰ ਫਾਰਮ ਜਮਾਂ ਕਰਾਉਣ ਲਈ ਨਿਰਧਾਰਿਤ ਸਮੇਂ ਅਨੁਸਾਰ ਔਰਤਾਂ ਖ਼ੁਦ ਆ ਜਾਂਦੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਤ ਦੇ ਆਧਾਰ ਤੇ ਐਲਾਨੀ ਗਈ ਵੱਖ-ਵੱਖ ਰਾਸ਼ੀ ਕਾਰਨ ਐਸਸੀ ਅਤੇ ਐਸ ਟੀ ਵਰਗ ਨਾਲ ਸਬੰਧਿਤ ਔਰਤਾਂ ਨੂੰ ਆਪਣੀ ਜਾਤ ਦਾ ਸਰਟੀਫ਼ਿਕੇਟ ਬਣਾਉਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਸਬੰਧਿਤ ਸਕੀਮ ਸਬੰਧੀ ਕੀਤੀ ਗਈ ਨੋਟੀਫ਼ਿਕੇਸ਼ਨ ਵਿਚ ਵੀ ਐਸ ਸੀ ਵਰਗ ਦੀਆਂ ਮਹਿਲਾਵਾਂ ਲਈ ਜਾਤ ਦਾ ਸਰਟੀਫ਼ਿਕੇਟ ਬਣਾਉਣਾ ਲਾਜ਼ਮੀ ਹੈ। ਉਕਤ ਸਰਟੀਫ਼ਿਕੇਟ ਬਣਾਉਣ ਲਈ ਹੀ ਐਸ ਸੀ ਵਰਗ ਦੀਆਂ ਮਹਿਲਾਵਾਂ ਦੀ ਸੇਵਾ ਕੇਂਦਰਾਂ ਉੱਤੇ ਭਾਰੀ ਭੀੜ ਜਮਾਂ ਹੋਣ ਲੱਗੀ ਹੈ। ਇਸ ਸਕੀਮ ਦੀ ਰਜਿਸਟ੍ਰੇਸ਼ਨ 13 ਅਪਰੈਲ ਤੋਂ ਆਰੰਭ ਹੋਣੀ ਹੈ ਅਤੇ ਸਕੀਮ ਦਾ ਲਾਭ ਲੈਣ ਵਾਲੀਆਂ ਐਸ ਸੀ ਵਰਗ ਦੀਆਂ ਮਹਿਲਾਵਾਂ ਇਸ ਤੋਂ ਪਹਿਲਾਂ-ਪਹਿਲਾਂ ਆਪਣਾ ਜਾਤ ਦਾ ਸਰਟੀਫ਼ਿਕੇਟ ਹਰ ਹਾਲਤ ਵਿਚ ਬਣਾਉਣਾ ਯਕੀਨੀ ਬਣਾ ਰਹੀਆਂ ਹਨ। ਜਾਣਕਾਰੀ ਅਨੁਸਾਰ ਬਨੂੜ ਦੇ ਸੇਵਾ ਕੇਂਦਰ ਵਿਚ ਰੋਜ਼ਾਨਾ 40 ਤੋਂ 50 ਮਹਿਲਾਵਾਂ ਸਿਰਫ਼ ਜਾਤ ਦਾ ਸਰਟੀਫ਼ਿਕੇਟ ਬਣਾਉਣ ਲਈ ਪਹੁੰਚ ਰਹੀਆਂ ਹਨ। ਇਸ ਸਰਟੀਫ਼ਿਕੇਟ ਦੀ ਫੀਸ ਸੱਤਰ ਰੁਪਏ ਹੈ ਅਤੇ ਇਹ ਸਰਟੀਫ਼ਿਕੇਟ ਬਣਨ ਲਈ ਪੰਦਰਾਂ ਤੋਂ ਵੀਹ ਦਿਨ ਲੱਗ ਜਾਂਦੇ ਹਨ, ਕਿਉਂਕਿ ਸਰਟੀਫ਼ਿਕੇਟ ਵੱਖ-ਵੱਖ ਥਾਵਾਂ ਉੱਤੇ ਤਸਦੀਕ ਲਈ ਜਾਣਾ ਹੁੰਦਾ ਹੈ। ਸੇਵਾ ਕੇਂਦਰ ਵਿਚ ਲੱਗਦੀਆਂ ਭੀੜਾ ਕਾਰਨ ਬਾਕੀ ਸੇਵਾਵਾਂ ਲੈਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇੱਕ ਕੰਮ ਨੂੰ ਜੇਕਰ ਇੱਕ ਘੰਟਾ ਲੱਗਦਾ ਸੀ ਤਾਂ ਹੁਣ ਉਸੇ ਕੰਮ ਸਬੰਧੀ ਆਨ ਲਾਇਨ ਫ਼ਾਰਮ ਜਮਾਂ ਕਰਾਉਣ ਲਈ ਕਈਂ-ਕਈਂ ਘੰਟੇ ਜ਼ਿਆਦਾ ਲੱਗ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਪਿੰਡ ਪੱਧਰ ਉੱਤੇ ਮਹਿਲਾਵਾਂ ਦਾ ਜਾਤੀ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ ਕਰੇ ਅਤੇ ਮੌਕੇ ਉੱਤੇ ਹੀ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਇਹ ਸਰਟੀਫ਼ਿਕੇਟ ਬਣਾਏ ਜਾਣ।