ਪਿੰਡ ਕਾਠ ’ਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ
ਹਲਕਾ ਸ਼ੁਤਰਾਣਾ ਦੇ ਪਿੰਡ ਕਾਠ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ
Publish Date: Tue, 06 Jan 2026 05:09 PM (IST)
Updated Date: Tue, 06 Jan 2026 05:11 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਪਿੰਡ-ਪਿੰਡ ਜਾ ਕੇ ਲੰਬੇ ਸਮੇਂ ਤੋਂ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ, ਇੰਨਾ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹਲਕੇ ਦੇ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪਿੰਡ ਕਾਠ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮਾਮਲਾ ਉਠਾਇਆ ਹੈ। ਕੁਝ ਸਮਾਂ ਪਹਿਲਾਂ ਡਾ. ਜਤਿੰਦਰ ਸਿੰਘ ਮੱਟੂ ਨੇ ਇਸੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੱਚਿਆਂ ਦੇ ਮਿਡ ਡੇ ਮੀਲ ਖਾਣ ਲਈ ਬਰਾਂਡਾਂ ਨਾ ਹੋਣ ਦਾ ਮੁੱਦਾ ਚੁੱਕਿਆ ਸੀ। ਪਿੰਡ ਕਾਠ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕੇ ਦੇ ਐਮ.ਐਲ.ਏ ਨੂੰ ਘੇਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਚਾਰ ਸਾਲ ਦੇ ਲਗਭਗ ਸਮਾਂ ਤੈਅ ਕਰ ਚੁੱਕੀ ਆਮ ਆਦਮੀ ਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਕਰ ਸਕੀ। ਅੱਜ ਹਲਕੇ ਦੇ ਪਿੰਡਾਂ ਦੇ ਪਿੰਡ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਕਾਠ ਨੂੰ ਪਾਣੀ ਸਪਲਾਈ ਦੇਣ ਵਾਲੀ ਟੈਂਕੀ ਦੀ ਹਾਲਤ ਬਹੁਤ ਜਰਜ਼ਰ ਹੈ। ਜਿਸਦੀਆਂ ਪੌੜੀਆਂ ਖਸਤਾਹਾਲ ਹੋ ਕੇ ਆਪਣੇ ਆਪ ਹੀ ਡਿੱਗ ਚੁੱਕੀਆਂ ਹਨ। ਟੈਂਕੀ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਹੈ। ਟੈਂਕੀ ਦੇ ਨਾਲ ਲੱਗਦੇ ਸ਼ਮਸ਼ਾਨਘਾਟ ਵਿਚ ਪਾਣੀ ਦੀ ਸਪਲਾਈ ਦਾ ਕੋਈ ਬੰਦੋਬਸਤ ਨਹੀਂ। ਪਿੰਡ ਵਿਚ ਕੋਈ ਮੌਤ ਹੋ ਜਾਣ ‘ਤੇ ਸ਼ਮਸ਼ਾਨਘਾਟ ਵਿੱਚ ਸਸਕਾਰ ਲਈ ਆਏ ਲੋਕਾਂ ’ਚੋਂ ਜੇਕਰ ਕਿਸੇ ਨੂੰ ਪਾਣੀ ਦੀ ਲੋੜ ਹੋਵੇ ਤਾਂ ਬਹੁਤ ਮੁਸ਼ਕਿਲ ਹਾਲਾਤ ਬਣ ਜਾਂਦੇ ਹਨ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਵਿਚੋਂ ਚੱਲੇਗੀ ਪਰ ਸਰਕਾਰ ਦਾ ਵਾਅਦਾ ਅਜੇ ਤੱਕ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਰਾਜਸੀ ਨਿਜ਼ਾਮ ਬਦਲਣਗੇ ਪੈਣਗੇ ਤਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਹਲਕਾ ਸ਼ੁਤਰਾਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।