ਹੁਸੈਨੀਵਾਲਾ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਟ ਕਰਨਗੇ ਸ਼ਰਧਾਂਜਲੀ
ਸ਼ਹੀਦਾਂ ਨੂੰ ਅਕੀਦਤ ਭੇਟ ਕਰਨ ਲਈ ਜੱਥਾ ਰਵਾਨਾ
Publish Date: Sun, 25 Jan 2026 04:06 PM (IST)
Updated Date: Mon, 26 Jan 2026 04:04 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫ਼ਰੰਗੀਆਂ ਤੋਂ ਬਦਲਾ ਲੈਣ ਵਾਲੇ ਸੁਨਾਮ ਦੇ ਜੰਮਪਲ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਜਨਮ ਭੂਮੀ ਨਾਲ ਜੁੜੀਆਂ ਜੱਥੇਬੰਦੀਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਐਤਵਾਰ ਨੂੰ ਇਕ ਵਿਸ਼ਾਲ ਜਥੇ ਦੇ ਰੂਪ ਵਿਚ ਸ਼ਹੀਦੀ ਸਮਾਰਕ ਹੁਸੈਨੀ ਵਾਲਾ (ਫਿਰੋਜ਼ਪੁਰ) ਵੱਲ ਰਵਾਨਾ ਹੋਇਆ। ਜਿਸ ਵਿਚ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ, ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ, ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ ਜੋਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥਾ ਸਵੇਰੇ ਇਤਿਹਾਸਿਕ ਧਾਰਮਿਕ ਸਥਾਨ ਡੇਰਾ ਬਾਬਾ ਰਾਮ ਥੰਮਣ ਵਿਖੇ ਪੁੱਜੇਗਾ ਅਤੇ ਬਾਅਦ ਵਿੱਚ ਸ਼ਹੀਦ ਊਧਮ ਸਿੰਘ ਪਾਰਕ, ਗੋਲੂ ਕਾ ਮੋੜ ਵਿਖੇ ਪਹੁੰਚੇਗਾ, ਜਿੱਥੇ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾ ਪਾਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੇਗਾ।ਬਾਅਦ ਦੁਪਹਿਰ ਜਥਾ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਹੋਰ ਆਜ਼ਾਦੀ ਦੇ ਯੋਧਿਆਂ ਦੀ ਸ਼ਹਾਦਤ ਨੂੰ ਨਮਨ ਕਰੇਗਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬੀ ਸੀ ਕਮਿਸ਼ਨ ਦੇ ਚੇਅਰਮੈਨ ਮਲਕੀਅਤ ਸਿੰਘ ਥਿੰਦ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।