ਲੋਕਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਇਸਲਾਮ ਅਲੀ
ਲੋਕਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਇਸਲਾਮ ਅਲੀ
Publish Date: Wed, 25 Feb 2026 04:48 PM (IST)
Updated Date: Wed, 25 Feb 2026 04:49 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰਾਜਪੁਰਾ ਵਿਖੇ ਇਕ ਵਿਸ਼ੇਸ਼ ਜਨ ਸੰਮੇਲਨ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਮੌਕੇ ’ਤੇ ਕਈ ਮੁੱਦਿਆਂ ਸਬੰਧੀ ਗੰਭੀਰ ਨੋਟਿਸ ਲਿਆ ਗਿਆ। ਇਸ ਸੰਮੇਲਨ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ, ਉੱਥੇ ਹੀ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੀ ਜਮ ਕੇ ਖਿਚਾਈ ਕੀਤੀ ਗਈ। -ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਤੇ ਜਤਾਈ ਨਾਰਾਜ਼ਗੀ ਇਸ ਸੰਮੇਲਨ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਮੈਂਬਰਾਂ ਵੱਲੋਂ ਸ਼ਹਿਰ ਦੇ ਸ਼ਮਸ਼ਾਨਘਾਟ ਅਤੇ ਕਬਰਸਤਾਨਾਂ ਦੀ ਹਾਲਤ ਬਾਰੇ ਪੁੱਛਿਆ ਗਿਆ। ਨਗਰ ਕੌਂਸਲ ਰਾਜਪੁਰਾ ਦੇ ਕਾਰਜ ਸਾਧਕ ਅਫਸਰ ਇਨ੍ਹਾਂ ਅਹਿਮ ਮੁੱਦਿਆਂ ਤੇ ਕੋਈ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕੇ ਅਤੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਅਤੇ ਜਲਦ ਸਮੱਸਿਆਵਾਂ ਦਾ ਹੱਲ ਕਰਨਾ ਦਾ ਭਰੋਸਾ ਦਿੱਤਾ। ਇਸ ਤੇ ਮੈਂਬਰਾਂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਅਧਿਕਾਰੀ ਆਪਣਾ ਅਧਿਕਾਰ ਖੇਤਰ ਨਾ ਭੁੱਲਣ ਅਤੇ ਨਵੀਂ ਨਿਯੁਕਤੀ ਦੇ ਬਹਾਨੇ ਬਣਾ ਕੇ ਜਨਤਾ ਨੂੰ ਗੁਮਰਾਹ ਨਾ ਕਰਨ। ਖਾਸ ਕਰਕੇ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ। ਜੇਕਰ ਕੋਈ ਅਧਿਕਾਰੀ ਲੋਕਾਂ ਦੇ ਕੰਮ ਰੋਕਦਾ ਹੈ, ਤਾਂ ਉਸ ਵਿਰੁੱਧ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਐਲਾਨ ਕੀਤਾ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 9855475547 ਜਾਰੀ ਕੀਤਾ ਗਿਆ ਹੈ। ਜਿਸ ਤੇ ਮਿਲੀ ਸ਼ਿਕਾਇਤ ਤੇ 2 ਦਿਨਾਂ ਦੇ ਅੰਦਰ ਕਾਰਵਾਈ ਹੋਵੇਗੀ। ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਰਪ੍ਰੀਤ ਸਿੰਘ ਚੌਜੀ, ਗੁਰਪਾਲ ਸਿੰਘ, ਪਵਨ ਕੁਮਾਰ, ਸ਼ਿਵ ਕੁਮਾਰ ਗੁਪਤਾ, ਰਾਮ ਕੁਮਾਰ, ਹਰਜੀਦਰ ਸਿੰਘ ਮਾਨ, ਸ਼ਾਮ ਸੁੰਦਰ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।