ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਅੰਤਰ-ਕਾਲਜ ਕੁਇਜ਼ ਮੁਕਾਬਲੇ ਕਰਵਾਏ
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਅੰਤਰ-ਕਾਲਜ ਕੁਇਜ਼ ਮੁਕਾਬਲੇ ਕਰਵਾਏ
Publish Date: Sat, 21 Mar 2026 05:49 PM (IST)
Updated Date: Sun, 22 Mar 2026 04:08 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਅੰਗਰੇਜ਼ੀ ਵਿਭਾਗ ਵੱਲੋਂ ਵਿਸ਼ਵ ਕਵਿਤਾ ਦਿਹਾੜੇ ਮੌਕੇ ਅੰਤਰ-ਕਾਲਜ ਕੁਇਜ਼ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਾਹਿਤਕ ਜਾਗਰੂਕਤਾ ਪੈਦਾ ਕਰਨਾ, ਕਵਿਤਾ ਪ੍ਰਤੀ ਰੁਚੀ ਵਧਾਉਣਾ ਅਤੇ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ।ਵਿਭਾਗ ਦੀ ਮੁਖੀ ਡਾ. ਰੁਪਿੰਦਰਜੀਤ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਅਤੇ ਸਟਾਫ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀ ਜੀਵਨ ਵਿੱਚ ਸ਼ਖਸੀਅਤ ਨੂੰ ਨਿਖਾਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਦਿਖਾਉਣ। ਪ੍ਰੋਗਰਾਮ ਕੋਆਰਡੀਨੇਟਰ ਡਾ. ਗੁਰਜਸਜੀਤ ਕੌਰ ਨੇ ਦੱਸਿਆ ਕਿ ਇਸ ਕੁਇਜ਼ ਵਿੱਚ ਕੁੱਲ ਪੰਜ ਰਾਊਂਡ ਕਰਵਾਏ ਗਏ,ਜੋ ਕਿ ਅੰਗਰੇਜ਼ੀ ਭਾਸ਼ਾ ਦੇ ਕਵਿਤਾ,ਕਵੀ,ਸਾਹਿਤਕ ਸ਼ਬਦਾਵਲੀ ਅਤੇ ਪ੍ਰਸਿੱਧ ਰਚਨਾਵਾਂ ਨਾਲ ਸੰਬੰਧਿਤ ਸਨ। ਸਭ ਟੀਮਾਂ ਨੇ ਬਹੁਤ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਾਗ ਲਿਆ ਅਤੇ ਆਪਣੀ ਸਾਹਿਤਕ ਸਮਝ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਮਾਤਾ ਸੁੰਦਰੀ ਗਰਲਜ਼ ਕਾਲਜ,ਮਾਨਸਾ, ਦੂਜਾ ਸਥਾਨ ਗੁਰੂ ਨਾਨਕ ਕਾਲਜ, ਬੁਢਲਾਡਾ (ਟੀਮ–I) ਅਤੇ ਤੀਜਾ ਸਥਾਨ ਗੁਰੂ ਨਾਨਕ ਕਾਲਜ, ਬੁੱਧਲਾਡਾ (ਟੀਮ–II) ਨੇ ਹਾਸਲ ਕੀਤਾ। ਇਸ ਮੌਕੇ ਸੰਚਾਲਨ ਪ੍ਰੋਫੈਸਰ ਸੋਨੀਆ ਅਤੇ ਪ੍ਰੋਫੈਸਰ ਅਮਨਦੀਪ ਕੌਰ ਨੇ ਕੀਤਾ।