ਧਾਰਮਿਕ ਤੇ ਇਤਿਹਾਸਕ ਨਗਰਾਂ ਦੀ ਸਫਾਈ ਰੱਖਣੀ ਸਭ ਦੀ ਜ਼ਿੰਮੇਵਾਰੀ : ਸੰਧੂ
ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ : ਇੰਦਰਜੀਤ ਸੰਧੂ
Publish Date: Sat, 14 Mar 2026 05:48 PM (IST)
Updated Date: Sun, 15 Mar 2026 04:07 AM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ’ਚ ਪਿਛਲੇ ਲੰਬੇ ਸਮੇਂ ਤੋਂ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਹੱਲ ਕਰਨ ’ਚ ਪ੍ਰਸ਼ਾਸ਼ਨ ਦੇ ਨਾਕਾਮ ਸਿੱਧ ਹੋਣ ਬਾਅਦ ਇਲਾਕੇ ਦੇ ਲੋਕਾਂ ਵਲੋਂ ਸ਼ੁਕਰਵਾਰ ਨੂੰ ਡੰਪ ਬੰਦ ਕਰਕੇ ਇਥੇ ਪਾਰਕ ਬਣਾਉਣ ਦਾ ਸ਼ੁਰੂ ਕੀਤਾ ਕੰਮ ਸ਼ਨਿਚਰਵਾਰ ਨੂੰ ਵੀ ਜਾਰੀ ਰਿਹਾ। ਇਸ ਮੌਕੇ ਕੂੜੇ ਨੂੰ ਪੱਧਰਾ ਕਰਨ ਲਈ ਦੋ ਜੇਸੀਬੀ ਮਸ਼ੀਨਾਂ ਅਤੇ ਉਪਰ ਮਿੱਟੀ ਪਾਉਣ ਲਈ ਟਿਪਰ ਲਗਾਤਾਰ ਲੱਗੇ ਹੋਏ ਹਨ। ਇਸ ਮੱਸਲੇ ਦੀ ਜਾਣਕਾਰੀ ਮਿਲਣ ਉਪਰੰਤ ਪੰਜਾਬ ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਖੁੱਦ ਮੌਕੇ ’ਤੇ ਪਹੁੰਚੇ ਅਤੇ ਮੌਕਾ ਵੇਖ ਕੇ ਸਮੱਸਿਆ ਦੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਬਿਲਕੁਲ ਸਾਹਮਣੇ ਪਿਛਲੇ ਕਾਫੀ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ’ਚ ਗੰਦਗੀ ਫੈਲੀ ਹੋਈ ਅਤੇ ਬਦਬੂ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਦੌਰਾਨ ਇਲਾਕੇ ਦੀ ਸੰਗਤ ਵਲੋਂ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਸਮੱਸਿਆ ਦੇ ਹੱਲ ਸਬੰਧੀ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਤੁਰੰਤ ਜਿਲਾ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕੀਤਾ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਧਾਰਮਿਕ ਅਤੇ ਇਤਿਹਾਸਕ ਨਗਰਾਂ ਦੀ ਸਫਾਈ ਬਣਾ ਕੇ ਰੱਖਣੀ ਸਭ ਦੀ ਜਿੰਮੇਵਾਰੀ ਹੈ ਅਤੇ ਇਸ ਸਬੰਧੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਉਹ ਪੂਰੀ ਤਰਾਂ ਜਨਤਾ ਨੂੰ ਸਮਰਪਿਤ ਹਨ ਅਤੇ ਹਰ ਤਰਾਂ ਦੇ ਸਹਿਯੋਗ ਲਈ ਤਿਆਰ ਹਨ। ਇਸ ਮੌਕੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਚੱਲ ਰਹੀ ਸੇਵਾ ’ਚ ਮਿੱਟੀ ਲਈ 20000 ਰੁਪਏ ਦਾ ਯੋਗਦਾਨ ਵੀ ਦਿੱਤਾ। ਜ਼ਿਕਰਯੋਗ ਹੈ ਕਿ ਪਟਿਆਲਾ ਜਿਲੇ ਅਧੀਨ ਆਉਂਦੇ ਕਸਬਾ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਨੇੜੇ ਕੂੜੇ ਦੇ ਢੇਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਲਾਕੇ ਦੀਆਂ ਸੰਗਤਾਂ ਅਤੇ ਸਥਾਨਕ ਨਿਵਾਸੀਆਂ ਵਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਸੀ। ਪਰ ਹਲਕੇ ਦੇ ਕਿਸੇ ਵਿਧਾਇਕ, ਹਲਕਾ ਇੰਚਾਰਜ ਜਾਂ ਪ੍ਰਸ਼ਾਸ਼ਨ ਵਲੋਂ ਜਦੋਂ ਕੋਈ ਵੀ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਹੁਣ ਸੰਗਤ ਨੇ ਖੁੱਦ ਡੰਪ ਨੂੰ ਬੰਦ ਕਰਕੇ ਪਾਰਕ ਬਣਾਉਣ ਦਾ ਕੰਮ ਆਪਣੇ ਹੱਥ ਲੈ ਲਿਆ ਹੈ। ਹੁਣ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਕੂੜੇ ਦੇ ਡੰਪ ਨੂੰ ਬੰਦ ਕਰਕੇ ਇਥੇ ‘ਸ੍ਰੀ ਗੁਰੂ ਤੇਗ ਬਹਾਦਰ ਪਾਰਕ’ ਬਣਾਇਆ ਜਾਵੇਗਾ। ਦੱਸਣਯੋਗ ਹੈ ਕਿ ਇਤਿਹਾਸਕ ਅਤੇ ਧਾਰਮਿਕ ਪੱਖੋਂ ਕਸਬਾ ਬਹਾਦਰਗੜ੍ਹ ਇੱਕ ਮਹੱਤਵਪੂਰਨ ਨਗਰ ਹੈ। ਇਸ ਨਗਰ ਨੂੰ ‘ਹਿੰਦ ਦੀ ਚਾਦਰ’ ਨੋਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੋਣ ਦਾ ਰੁੱਤਬਾ ਹਾਸਲ ਹੈ। ਸੂਬਾ ਸਰਕਾਰ ਦੇ ਐਲਾਨਾ ਅਨੁਸਾਰ ਇਥੋਂ ਦਾ ਵਿਕਾਸ ਤਰਜੀਹ ਦੇ ਅਧਾਰ ’ਤੇ ਹੋਣਾ ਚਾਹੀਦਾ ਹੈ। ਇਸ ਮੌਕੇ ਅਮਨਿੰਦਰਪਾਲ ਸਿੰਘ ਜਲਾਲਪੁਰ, ਕਰਮ ਸਿੰਘ ਘੋਲਾ, ਜੰਗ ਸਿੰਘ ਪ੍ਰਧਾਨ ਬੀਕੇਯੂ ਭਟੇੜੀਕਲਾਂ, ਬਲਾਕ ਪ੍ਰਧਾਨ ਅਮਰੀਕ ਸਿੰਘ ਬਹਾਦਰਗੜ੍ਹ, ਜਸਵਿੰਦਰ ਕੌਰ ਮੀਤ ਪ੍ਰਧਾਨ, ਕਿਸਾਨ ਆਗੂ ਸਤਪਾਲ ਸਿੰਘ ਮਹਿਮਦਪੁਰ, ਸਵਰਨਜੀਤ ਸਿੰਘ ਜਲਾਲਪੁਰ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਤਰਸੇਮ ਸਿੰਘ ਜਲਾਲਪੁਰ, ਚਰਨਜੀਤ ਸਿੰਘ, ਟਹਿਲ ਸਿੰਘ, ਪ੍ਰੇਮ ਸਿੰਘ, ਜਸਪਾਲ ਸਿੰਘ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।