ਮਕਾਨ ਖਾਲੀ ਕਰਵਾਉਣ ਸਬੰਧੀ ਨਾਜਾਇਜ਼ ਤੌਰ ’ਤੇ ਭੇਜੇ ਜਾ ਰਹੇ ਸੰਮਨ
ਮਕਾਨ ਖਾਲੀ ਕਰਵਾਉਣ ਸਬੰਧੀ ਨਜਾਇਜ਼ ਤੌਰ ’ਤੇ ਭੇਜੇ ਜਾ ਰਹੇ ਸੰਮਨ
Publish Date: Sun, 22 Mar 2026 04:31 PM (IST)
Updated Date: Mon, 23 Mar 2026 04:02 AM (IST)

39 ਵਸਨੀਕਾਂ ਨੂੰ ਮਕਾਨ ਖਾਲੀ ਕਰਨ ਲਈ ਕੁਝ ਵਿਅਕਤੀ ਸੰਮਨ ਭਿਜਵਾ ਰਹੇ ਐਤਵਾਰ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਸਖ਼ਤ ਵਿਰੋਧ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਦੇ ਪੰਜਾਬ ਪਬਲਿਕ ਸਕੂਲ ਤੇ ਵਿਸ਼ਵਕਰਮਾ ਮੰਦਰ ਵਾਲੀ ਗਲੀ ਦੇ ਲਗਭਗ ਸਾਰੇ 39 ਵਸਨੀਕਾਂ ਨੂੰ ਮਕਾਨ ਖਾਲੀ ਕਰਨ ਲਈ ਕੁਝ ਵਿਅਕਤੀਆਂ ਵੱਲੋਂ ਸੰਮਨ ਭੇਜਵਾਏ ਜਾ ਰਹੇ ਹਨ। ਜਿਸ ਦਾ ਐਤਵਾਰ ਨੂੰ ਮੁਹੱਲਾ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ। ਇਸ ਮੌਕੇ ਮਕਾਨ ਮਾਲਕਾਂ ਵਿੱਚੋਂ ਨੀਲਮ ਰਾਣੀ, ਚਮੇਲੀ ਰਾਣੀ, ਕਾਂਤਾ ਰਾਣੀ, ਰਾਮ ਸਿੰਘ, ਬਿੰਦਰ ਸਿੰਘ, ਗੁਰਮੇਲ ਸਿੰਘ, ਵਿਸਾਖੀ ਰਾਮ, ਸੁਖਦੇਵ ਸਿੰਘ, ਮਨਸਾ ਸਿੰਘ, ਵਿਜੇ ਲਕਸ਼ਮੀ, ਹੀਰਾ ਸਿੰਘ, ਬਲਜਿੰਦਰ ਸਿੰਘ, ਸ਼ੇਰਾ ਸਿੰਘ, ਮਦਨ ਲਾਲ, ਨਿੱਕਾ ਭਾਰਤੀ ਸਮੇਤ ਹੋਰ ਵੀ ਪਰਿਵਾਰਾਂ ਨੇ ਦੱਸਿਆ ਕਿ ਉਹ ਇੱਥੇ 60-70 ਸਾਲਾਂ ਤੋਂ ਇਸ ਜ਼ਮੀਨ ਉੱਤੇ ਮਕਾਨ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਕੋਲ ਬਕਾਇਦਾ ਰਜਿਸਟਰੀਆਂ ਕਰਵਾਈਆਂ ਹੋਈਆਂ ਹਨ ਤੇ ਕਈਆਂ ਦੇ ਨਾਮ ਇੰਤਕਾਲ ਵੀ ਚੜ੍ਹੇ ਹੋਏ ਹਨ ਤੇ ਕੁਝ ਫੁੱਟਾਂ ਵਿਚ ਵੀ ਹਨ, ਪ੍ਰੰਤੂ ਇਹ ਵਿਅਕਤੀ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਸੰਮਨ ਪਹੁੰਚਾ ਰਹੇ ਹਨ, ਜਦਕਿ ਅਸੀਂ ਇਸ ਜ਼ਮੀਨ ਦੇ ਮਾਲਕ ਹਾਂ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਜ਼ਮੀਨ ਮਾਲਕਾਂ ਨੇ ਪੈਸੇ ਲਏ ਹਨ ਤਾਂ ਹੀ ਰਜਿਸਟਰੀਆਂ ਕਰਵਾਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਦੇ ਲਾਲਚ ਜਾਗਿਆ ਹੋਇਆ ਹੈ ਕਿ ਅਸੀਂ ਧੱਕੇ ਨਾਲ ਡਰਾ ਧਮਕਾ ਕੇ ਇਨ੍ਹਾਂ ਤੋਂ ਦੂਜੀ ਵਾਰ ਪੈਸੇ ਲੈ ਲਈਏ। ਜ਼ਿਕਰਯੋਗ ਹੈ ਕਿ 15 ਕੁ ਦਿਨ ਪਹਿਲਾਂ ਇਕ ਮਕਾਨ ਮਾਲਕ ਤੋਂ ਮਕਾਨ ਖਾਲੀ ਕਰਾਉਣ ਲਈ ਕੁਝ ਵਿਅਕਤੀ ਵਰੰਟ ਕਬਜ਼ਾ ਵੀ ਲੈ ਕੇ ਆਏ ਸਨ, ਜਿਸ ਦਾ ਪੂਰੇ ਸ਼ਹਿਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾਂ ਲਾ ਕੇ ਸਖਤ ਵਿਰੋਧ ਜਤਾਇਆ ਗਿਆ ਸੀ। ਜਿਸ ਦੇ ਚਲਦਿਆਂ ਕਬਜ਼ਾ ਲੈਣ ਆਏ ਵਿਅਕਤੀਆਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਰਿਹਾ। ਹੁਣ ਉਪਰੋਕਤ ਮੁਹੱਲਾ ਨਿਵਾਸੀ ਜਿਨ੍ਹਾਂ ਨੇ ਜ਼ਮੀਨ ਮਾਲਕਾ ਵੱਲੋਂ ਛੇ-ਸੱਤ ਦਹਾਕੇ ਪਹਿਲਾਂ ਕਰਵਾਈਆਂ ਰਜਿਸਟਰੀਆਂ ਦਿਖਾਉਂਦੇ ਹੋਏ ਕਿਹਾ ਇਹ ਜੇਕਰ ਸਾਡੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਕੀਤਾ ਗਿਆ ਤਾਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਅੱਗੇ ਧਰਨੇ ਲਾਉਣਾ ਵੀ ਸਾਡੀ ਮਜਬੂਰੀ ਹੋਵੇਗੀ।