ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਕੀਤੀਆਂ ਨਸ਼ਟ
ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਕੀਤੀਆਂ ਨਸ਼ਟ
Publish Date: Tue, 31 Mar 2026 04:16 PM (IST)
Updated Date: Wed, 01 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਉਪ-ਕਪਤਾਨ ਪੁਲਿਸ ਸਬ ਡਿਵੀਜ਼ਨ ਮਾਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸਿਵਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੁਆਰਾ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਨਸ਼ਟ ਕੀਤਾ ਗਿਆ। ਇਸ ਕਾਰਵਾਈ ਦੌਰਾਨ ਥਾਣਾ ਸਿਟੀ-2 ਮਾਲੇਰਕੋਟਲਾ ਨਾਲ ਸਬੰਧਿਤ ਨਸ਼ਾ ਤਸਕਰ ਮੁਹੰਮਦ ਸ਼ਾਹਿਦ ਉਰਫ਼ ਬਾਬਾ ਕਰਾਮਾਤੀ ਵਾਸੀ ਵਾਰਡ ਨੰਬਰ 32, ਮੁਹੱਲਾ ਚੁਹੱਟਾ ਅਤੇ ਅਜਰੁਦੀਨ ਉਰਫ਼ ਰਾਜੂ ਵਾਸੀ ਭੂਮਸੀ, ਮਾਲੇਰਕੋਟਲਾ ਵੱਲੋਂ ਸਰਕਾਰੀ ਜਗ੍ਹਾ ‘ਤੇ ਕਬਜ਼ਾ ਕਰਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਢਹਿ ਢੇਰੀ ਕੀਤਾ ਗਿਆ ਹੈ। ਪੁਲਿਸ ਰਿਕਾਰਡ ਅਨੁਸਾਰ ਮੁਹੰਮਦ ਸ਼ਾਹਿਦ ਖਿਲਾਫ ਨਸ਼ਾ ਤਸਕਰੀ ਦੇ 8 ਮਾਮਲੇ ਦਰਜ ਹਨ, ਜਦਕਿ ਅਜਰੁਦੀਨ ਖਿਲਾਫ 04 ਮਾਮਲੇ ਦਰਜ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਦੌਰਾਨ ਕਿਸੇ ਵੀ ਕੀਮਤ ‘ਤੇ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾਂ ਖਿਲਾਫ ਜਾਣਕਾਰੀ ਦੇ ਕੇ ਪੁਲਿਸ ਦਾ ਸਾਥ ਦੇਣ ਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।