ਜੇ ਨਾ ਕੀਤਾ ਸਾਡਾ ਹੀਲਾ, ਝਾੜੂ ਹੋਜੂ ਤੀਲਾ-ਤੀਲਾ
ਜੇ ਨਾ ਕੀਤਾ ਸਾਡਾ ਹੀਲਾ, ਝਾੜੂ ਹੋਜੂ ਤੀਲਾ-ਤੀਲਾ
Publish Date: Fri, 02 Jan 2026 05:51 PM (IST)
Updated Date: Sat, 03 Jan 2026 04:08 AM (IST)

ਸੰਗਰੂਰ ’ਚ ਬੇਰੁਜ਼ਗਾਰਾਂ ਨੇ ਝਾੜੂ ਖਿਲਾਰ ਕੇ ਕੀਤਾ ਪ੍ਰਦਰਸ਼ਨ ਪੱਤਰਕਾਰਾਂ ’ਤੇ ਦਰਜ ਮਾਮਲਿਆਂ ਖਿਲਾਫ ਅਰਥੀ ਫੂਕੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜੇਕਰ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਭਰਤੀ ਕੈਲੰਡਰ ਲਾਗੂ ਨਾ ਕੀਤਾ, ਸਿੱਖਿਆ ਅਤੇ ਸਿਹਤ ਵਿਭਾਗ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉਮਰ ਹੱਦ ਛੋਟ ਦੇਕੇ ਨਾ ਭਰੀਆਂ, ਮਾਸਟਰ ਕੇਡਰ ਵਿਚ ਥੋਪੀ 55 ਫੀਸਦੀ ਲਾਜ਼ਮੀ ਅੰਕਾਂ ਵਾਲੀ ਬੇਤੁਕੀ ਸ਼ਰਤ ਰੱਦ ਨਾ ਕੀਤੀ ਤੇ ਸਰਕਾਰ ਦੀਆਂ ਨਾਕਾਮੀਆਂ ਜਨਤਕ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਦਰਜ ਝੂਠੇ ਪਰਚੇ ਰੱਦ ਨਾ ਕੀਤੇ ਤਾਂ 2027 ਵਿਚ ਝਾੜੂ ਦਾ ਤੀਲਾ ਤੀਲਾ ਹੋ ਜਾਵੇਗਾ। ਉਕਤ ਪ੍ਰਤੀਕਰਮ ਸਥਾਨਕ ਡੀਸੀ ਦਫ਼ਤਰ ਦੇ ਗੇਟ ਅੱਗੇ ਚਲਦੇ ਪੱਕੇ ਮੋਰਚੇ ਦੇ ਆਗੂਆਂ ਅਮਨ ਸੇਖਾ ਅਤੇ ਰਾਜਵੀਰ ਕੌਰ ਨੇ ਦਿੱਤਾ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ’ਤੇ ਰੁਜ਼ਗਾਰ ਨਾ ਦੇਣ ਤੇ ਪੱਤਰਕਾਰਾਂ ’ਤੇ ਝੂਠੇ ਪਰਚੇ ਦਰਜ ਕਰਨ ਦਾ ਦੋਸ਼ ਲਾਉਂਦੇ ਹੋਏ। ਡੀਸੀ ਦਫ਼ਤਰ ਦੇ ਗੇਟ ਤੋਂ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਸੰਕੇਤਕ ਤੌਰ ’ਤੇ ਝਾੜੂ ਨੂੰ ਖਿਲਾਰ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਨੇ ਕਿਹਾ ਕਿ ਪੰਜਾਬ ਸਰਕਾਰ ਜਿਸ ਗੈਰ ਜਮਹੂਰੀ ਤਰੀਕੇ ਨਾਲ ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਬੰਦ ਕਰਨ ਦੇ ਰਾਹ ਤੁਰੀ ਹੈ ਉਸਦਾ ਖਮਿਆਜ਼ਾ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਦੱਸਿਆ ਕਿ 11 ਜਨਵਰੀ ਦੀ ਸੰਘਰਸ਼ੀ ਲੋਹੜੀ ਲਈ ਪੰਜਾਬ ਦੇ ਬੇਰੁਜ਼ਗਾਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਅਮਨਦੀਪ ਕੌਰ, ਸ਼ਿੰਦਰਪਾਲ ਕੌਰ, ਮਨਦੀਪ ਕੌਰ ਨਦਾਮਪੁਰ, ਕਿਰਨਜੀਤ ਕੌਰ, ਮਨਦੀਪ ਕੌਰ ਮੰਗਵਾਲ, ਮਨਜੀਤ ਕੌਰ ਕਕਰਾਲਾ, ਲਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਬੰਗਾਂਵਾਲੀ ਆਦਿ ਹਾਜ਼ਰ ਸਨ।