ਕੇਂਦਰ ਪੁੱਲ ਲਈ ਐੱਨਓਸੀ ਦੇਵੇ, ਪੰਜਾਬ ਸਰਕਾਰ ਤੁਰੰਤ ਟੈਂਡਰ ਜਾਰੀ ਕਰੇਗੀ : ਢਿੱਲੋਂ
ਕੇਂਦਰ ਪੁੱਲ ਲਈ ਐਨਓਸੀ ਦੇਵੇ, ਪੰਜਾਬ ਸਰਕਾਰ ਤੁਰੰਤ ਟੈਂਡਰ ਜਾਰੀ ਕਰੇਗੀ: ਢਿੱਲੋਂ\ਘੁੱਲੀ
Publish Date: Tue, 13 Jan 2026 03:58 PM (IST)
Updated Date: Wed, 14 Jan 2026 04:00 AM (IST)

ਪੁੱਲ ਨਿਰਮਾਣ ਲਈ ਪੀਆਈਡੀਬੀ ਕੋਲ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਧੂਰੀ ਸ਼ਹਿਰ ਦਾ ਪੁੱਲ ਪੰਜਾਬ ਸਰਕਾਰ ਵੱਲੋਂ ਬਣਾਇਆ ਜਾਣਾ ਹੈ ਅਤੇ ਇਸ ਸਬੰਧੀ ਸਾਰੀ ਪ੍ਰਸ਼ਾਸਕੀ, ਤਕਨੀਕੀ ਅਤੇ ਵਿੱਤੀ ਤਿਆਰੀ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਹੁਣ ਕੇਂਦਰ ਸਰਕਾਰ ਵੱਲੋਂ ਸਿਰਫ਼ ਐਨਓਸੀ ਜਾਰੀ ਕਰਨੀ ਬਾਕੀ ਹੈ ਅਤੇ ਜਿਸ ਦਿਨ ਇਹ ਮਨਜ਼ੂਰੀ ਮਿਲਦੀ ਹੈ, ਉਸੇ ਦਿਨ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਧੂਰੀ ਪੁਲ ਦੇ ਨਿਰਮਾਣ ਲਈ ਪੰਜਾਬ ਇਨਫ਼ਰਾਸਟਰਕਚਰ ਡਿਵੈਲਪਮੈਂਟ ਬੋਰਡ ਕੋਲ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ ਪਈ ਹੈ, ਜੋ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿੱਤੀ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਹੋਰਨਾ ਵਿਭਾਗਾਂ ਦੀਆਂ ਮਨਜ਼ੂਰੀਆਂ ਹਨ ਉਹ ਵੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ ਜੰਗਲਾਤ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ, ਜਲ ਸਰੋਤ ਵਿਭਾਗ ਦੀਆਂ ਮਨਜ਼ੂਰੀਆਂ ਵੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਜਮਾ ਕਰਵਾਈ ਜਾਣ ਵਾਲੀ ਰਾਸ਼ੀ ਅਤੇ ਜਮੀਨ ਦੀ ਤਬਦੀਲੀ ਵੀ ਕੀਤੀ ਜਾ ਚੁੱਕੀ ਹੈ ਚੇਅਰਮੈਨ ਨੇ ਕਿਹਾ ਕਿ ਪੁੱਲ ਦੇ ਸਾਈਟ ਮੈਪ ਸਬੰਧੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ ਹੁਣ ਸਿਰਫ਼ ਰੇਲਵੇ ਦੇ ਚੀਫ਼ ਇੰਜਨੀਅਰ (ਬ੍ਰਿਜ) ਦੇ ਦਸਤਖ਼ਤ ਬਾਕੀ ਹਨ। ਇਸ ਤੋਂ ਬਾਅਦ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੋਈ ਵੀ ਤਕਨੀਕੀ ਜਾਂ ਪ੍ਰਸ਼ਾਸਕੀ ਰੁਕਾਵਟ ਨਹੀਂ ਰਹੇਗੀ। ਚੇਅਰਮੈਨ ਨੇ ਕਿਹਾ ਕਿ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਧੂਰੀ ਵਾਸੀਆਂ ਨੂੰ ਗਲਤ ਜਾਣਕਾਰੀ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਬਰਦਾਸ਼ਤਯੋਗ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਲੋਕ ਝੂਠੇ ਬਿਆਨਾਂ ਤੋਂ ਬਚ ਕੇ ਸੱਚਾਈ ਨੂੰ ਸਮਝਣ। ਇਸ ਮੌਕੇ ਅਨਿਲ ਮਿੱਤਲ, ਸ਼ਾਮ ਸਿੰਗਲਾ, ਹਰਜਿੰਦਰ ਸਿੰਘ ਕਾਂਝਲਾ, ਨਰੇਸ਼ ਸਿੰਗਲਾ ਵੀ ਮੌਜੂਦ ਸਨ।