- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੂਠੇ ਪਰਚੇ ਰੱਦ ਨਾਂ ਕੀਤੇ ਤਾਂ ਥਾਣੇ ਅੱਗੇ ਲਾਵਾਂਗੇ ਪੱਕਾ ਧਰਨਾ: ਸਿੱਧੂਪੁਰ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਮੂਨਕ ਦੀ ਪੁਲਿਸ ਵੱਲੋਂ ਪਿੰਡ ਦੇਹਲਾ ਸੀਂਹਾਂ ਦੇ ਦਰਜਨਾਂ ਲੋਕਾਂ ’ਤੇ ਕੀਤੇ ਗਏ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਥਾਣੇ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਖ਼ਜ਼ਾਨਚੀ ਲਖਵਿੰਦਰ ਸਿੰਘ ਡੂਡੀਆ, ਮੀਤ ਪ੍ਰਧਾਨ ਰਿੰਕੂ ਮੂਣਕ , ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇਹਲਾ ਸੀਹਾਂ ਵਿਖੇ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਵਿਧਵਾ ਨੂੰਹ ਅਮਨਦੀਪ ਕੌਰ ਨੂੰ ਜ਼ਮੀਨ ਜਾਂ ਘਰ ਵਿੱਚੋਂ ਬਣਦਾ ਹਿੱਸਾ ਨਾਂ ਦੇਣ ਕਰ ਕੇ ਪੂਰਾ ਪਿੰਡ ਅਮਨਦੀਪ ਕੌਰ ਦੇ ਨਾਲ ਖੜ੍ਹਾ ਹੋਇਆ ਸੀ, ਇਸੇ ਦੌਰਾਨ ਅਮਨਦੀਪ ਕੌਰ ਨੂੰ ਆਪਣੇ ਸਹੁਰੇ ਘਰ ਇਕ ਸਾਈਡ ’ਤੇ ਬਣੇ ਕਮਰੇ ’ਚ ਪਿੰਡ ਵਾਸੀਆਂ ਵੱਲੋਂ ਬਿਠਾਉਣ ਤੋਂ ਬਾਅਦ ਗੁਰਚਰਨ ਸਿੰਘ ਦੀ ਸ਼ਿਕਾਇਤ ’ਤੇ 13 ਨਵੰਬਰ ਨੂੰ ਵੱਡੀ ਗਿਣਤੀ ’ਚ ਪੁਲਿਸ ਪਿੰਡ ਦੇਹਲਾ ਸ਼ੀਹਾਂ ਪਹੁੰਚਦੀ ਹੈ ਤੇ ਗੁਰਚਰਨ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੇ ਦਰਜਨਾਂ ਲੋਕਾਂ ਦੇ ਨਾਮ ਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਪਿੰਡ ਦੇ ਮੌਜੂਦਾ ਸਰਪੰਚ, ਸਾਬਕਾ ਸਰਪੰਚਾਂ ਤੇ ਹੋਰ ਮੋਹਤਬਰਾਂ ਨੂੰ ਦੁਬਾਰਾ ਸ਼ਾਮ ਦੇ ਸਮੇਂ ਭਾਰੀ ਪੁਲਿਸ ਬਲ ਲਿਜਾਕੇ ਧੱਕਾ-ਮੁੱਕੀ ਕਰਦਿਆਂ ਗੱਡੀਆਂ ’ਚ ਸੁੱਟ ਲਿਆ ਜਾਂਦਾ ਹੈ ਤੇ ਲੋਕਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਘੇਰ ਕੇ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਛੁਡਾ ਲਿਆ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਕ ਹੋਰ ਪਰਚਾ ਪੁਲਿਸ ਮੁਲਾਜ਼ਮ ਦੇ ਬਿਆਨਾਂ ’ਤੇ ਦਰਜਨਾਂ ਲੋਕਾਂ ਖ਼ਿਲਾਫ਼ ਕੀਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨਾਲ ਮਿਲ ਬੈਠ ਕੇ ਮਸਲੇ ਨੂੰ ਸ਼ਾਂਤ, ਹੱਲ ਕਰਨ ’ਚ ਨਕਾਮ ਰਿਹਾ ਤੇ ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਪਰਚੇ ਕਰ ਦਿੱਤੇ ਜੋ ਉਸ ਮੌਕੇ ਪਿੰਡ ਵਿਚ ਵੀ ਹਾਜ਼ਰ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉਸ ਸਮੇਂ ਤੋਂ ਹੀ ਅਸੀਂ ਡੀਐੱਸਪੀ ਮੂਨਕ, ਥਾਣਾ ਮੁਖੀ ਮੂਨਕ ਨੂੰ ਮਿਲ ਰਹੇ ਹਾਂ, ਹਰ ਵਾਰ ਥੋੜਾ ਸਮਾਂ ਮੰਗਿਆ ਜਾਂਦਾ ਹੈ ਪਰ ਅਜੇ ਤੱਕ ਪਰਚੇ ਰੱਦ ਕਰਨ ਲਈ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਥਾਣਾ ਮੁਖੀ ਮੂਨਕ ਨੂੰ ਮਿਲੇ ਸੀ ਪਰ ਉਨ੍ਹਾਂ ਵੱਲੋਂ ਅਜੇ ਵੀ ਲਾਰੇ ਹੀ ਲਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਸਮੂਹ ਪਿੰਡ ਵਾਸੀਆਂ ਨਾਲ ਰਾਇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਜੇਕਰ 25 ਜਨਵਰੀ ਤਕ ਪੁਲਿਸ ਪ੍ਰਸ਼ਾਸਨ ਵੱਲੋਂ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ ਜੋ ਪਰਚੇ ਰੱਦ ਹੋਣ ਤਕ ਜਾਰੀ ਰਹੇਗਾ।