ਮੰਗਾਂ ਨਾ ਮੰਨੀਆਂ ਤਾਂ ਪੱਕਾ ਮੋਰਚਾ ਸੀਐੱਮ ਕੋਠੀ ਅੱਗੇ ਲਾਵਾਂਗੇ : ਸਾਂਝਾ ਮੋਰਚਾ
ਮੰਗਾਂ ਨਾ ਮੰਨੀਆਂ ਤਾਂ ਪੱਕਾ ਮੋਰਚਾ ਦੀ ਸੀਐੱਮ ਕੋਠੀ ਅੱਗੇ ਲਾਵਾਂਗੇ: ਸਾਂਝਾ ਮੋਰਚਾ
Publish Date: Sun, 22 Feb 2026 04:32 PM (IST)
Updated Date: Mon, 23 Feb 2026 04:01 AM (IST)

ਸਰਕਾਰ ਅਗਲੀ ਮੀਟਿੰਗ ਦਾ ਵਾਅਦਾ ਪੂਰਾ ਕਰੇ : ਢਿੱਲਵਾਂ\ਰਮਨ ਬੇਰੁਜ਼ਗਾਰਾਂ ਨੇ ਕੀਤਾ ਮੰਥਨ, ਇਕਜੁਟਤਾ ਦਾ ਸੱਦਾ ਦੁਹਰਾਇਆ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਦੋ ਮਹੀਨੇ ਤੋਂ ਸਥਾਨਕ ਡੀਸੀ ਦਫ਼ਤਰ ਦੇ ਗੇਟ ਅੱਗੇ ਚੱਲ ਰਹੇ ਪੱਕੇ ਮੋਰਚੇ ’ਤੇ ਬੇਰੁਜ਼ਗਾਰਾਂ ਨੇ ਸੰਘਰਸ਼ ਦੇ ਮੰਥਨ ਸਬੰਧੀ ਮੀਟਿੰਗ ਕੀਤੀ ਅਤੇ ਅਗਲੀ ਰਣਨੀਤੀ ਬਣਾਈ ਗਈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਅਮਨ ਸੇਖਾ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੇ ਹੁਣ ਤੱਕ ਦੇ ਪੱਕੇ ਮੋਰਚੇ ਦੇ ਸੰਘਰਸ਼ ਦਾ ਲੇਖਾ- ਜੋਖਾ ਕਰਕੇ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਆਗੂਆਂ ਨੇ ਮਹਿਸੂਸ ਕੀਤਾ ਕਿ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਪੰਜਾਬ ਦੇ ਹਰੇਕ ਵਰਗ ਨੂੰ ਨਪੀੜਨ ਦੇ ਰਾਹ ਤੁਰੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਜੁਬਾਨ ਬੰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਜਿਸ ਬਦਲੇ ਪੰਜਾਬ ਵਾਸੀ ਸਬਕ ਸਿਖਾਉਣ ਲਈ ਤਿਆਰ ਹਨ। ਪਿਛਲੇ ਦਿਨੀਂ 18 ਫਰਵਰੀ ਨੂੰ ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਹੋਈ ਮੀਟਿੰਗ ਦਾ ਹਵਾਲਾ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਆਪਣੇ ਵਾਅਦੇ ਅਨੁਸਾਰ ਅਗਲੀ ਮੀਟਿੰਗ ਜਲਦ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਾਅਦਾ ਖਿਲਾਫੀ ਹੋਈ ਤਾਂ ਉਹ ਜਲਦੀ ਆਪਣਾ ਪੱਕਾ ਮੋਰਚਾ ਮੁੱਖ ਮੰਤਰੀ ਦੀ ਕੋਠੀ ਅੱਗੇ ਲੈ ਕੇ ਜਾਣਗੇ। ਬੇਰੁਜ਼ਗਾਰਾਂ ਨੇ ਕਿਹਾ ਕਿ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ,ਉਮਰ ਹੱਦ ਛੋਟ,ਮਾਸਟਰ ਕੇਡਰ ਵਿੱਚ ਥੋਪੀ 55 ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਰੱਦ ਕਰਵਾਉਣ,ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼)ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ ਕਲਾਂ, ਮਨਜੀਤ ਕੌਰ, ਅਮਨਦੀਪ ਕੌਰ, ਰਾਜਵੀਰ ਕੌਰ, ਸੁਖਪਾਲ ਖਾਨ, ਜਸਪਾਲ ਸਿੰਘ, ਹਰਵਿੰਦਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।