ਬਰਫੀਲੀਆਂ ਹਵਾਵਾਂ ਨੇ ਲੋਕਾਂ ਦੇ ਹੱਢ ਠਾਰੇ, ਠੰਢ ਦਾ ਕਹਿਰ ਜਾਰੀ
ਬਰਫੀਲੀਆਂ ਹਵਾਵਾਂ ਨੇ ਲੋਕਾਂ ਦੇ ਹੱਢ ਢਾਰੇ, ਠੰਢ ਦਾ ਕਹਿਰ ਜਾਰੀ
Publish Date: Sun, 04 Jan 2026 05:58 PM (IST)
Updated Date: Mon, 05 Jan 2026 04:08 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਲਾਕੇ ਵਿਚ ਬਰਫੀਲੀਆਂ ਹਵਾਵਾਂ ਦੇ ਚਲਦਿਆਂ ਠੰਢ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਹੱਢ ਚੀਰਵੀ ਸਤਾਉਣ ਲੱਗ ਪਈ ਹੈ। ਐਤਵਾਰ ਨੂੰ ਜ਼ਿਲ੍ਹੇ ਦਾ ਤਾਪਮਾਨ ਵੱਧੋ ਵੱਧ 16 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਰਾਤ ਨੂੰ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੀ। ਇਲਾਕੇ ਵਿੱਚ ਹਵਾਵਾਂ 10 ਕਿਲੋਮੀਟਰ ਪ੍ਰਤੀ ਘੰਟੇ ਨਾਲ ਚਲਦੀਆਂ ਰਹੀਆਂ। ਸੀਤ ਲਹਿਰ ਦੇ ਪ੍ਰਭਾਵ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਸੜਕਾਂ ਅਤੇ ਬਜ਼ਾਰਾਂ ਵਿੱਚੋਂ ਰੌਣਕ ਗਾਇਬ ਰਹੀ, ਲੋਕ ਜਿਆਦਾ ਜਰੂਰੀ ਕੰਮਾਂ ਦੇ ਲਈ ਹੀ ਘਰਾਂ ਵਿੱਚੋਂ ਬਾਹਰ ਨਿਕਲਦੇ ਨਜਰ ਆਏ। ਸਾਰਾ ਦਿਨ ਅਸਮਾਨ ਤੇ ਬੱਦਲ ਛਾਏ ਰਹੇ ਅਤੇ ਧੁੱਪ ਦੀ ਝਲਕ ਤੱਕ ਨਹੀਂ ਮਿਲੀ, ਜਿਸ ਨਾਲ ਠੰਢ ਦਾ ਅਸਰ ਹੋਰ ਜਿਆਦਾ ਵਧ ਗਿਆ। ਬੀਤੇ ਦਿਨੀਂ ਹੋਈ ਹਲਕੀ ਬੂੰਦਾਬਾਂਦੀ ਨੇ ਭਲੇ ਹੀ ਧੁੰਦ ਤੋਂ ਕੁਝ ਰਾਹਤ ਦਵਾਈ ਹੋਵੇ, ਪ੍ਰੰਤੂ ਇਸਤੋਂ ਬਾਅਦ ਠੰਢੀਆਂ ਹਵਾਵਾਂ ਨੇ ਸਰਦੀ ਦੇ ਪ੍ਰਕੋਪ ਨੂੰ ਹੋਰ ਜਿਆਦਾ ਵਧਾ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਹਫਤੇ ਭਰ ਮੌਸਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਇਸੇ ਤਰ੍ਹਾਂ ਠੰੰਢ, ਬੱਦਲ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲੋਕਾਂ ਨੂੰ ਫਿਲਹਾਲ ਠੰਢ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ। ਜਨਵਰੀ ਮਹੀਨੇ ਦੀ ਇਹ ਕੜਾਕੇ ਦੀ ਠੰਢ ਸਿਰਫ ਆਮ ਲੋਕਾਂ ਦੇ ਲਈ ਹੀ ਨਹੀਂ, ਬਲਕਿ ਕਿਸਾਨਾਂ ਦੇ ਲਈ ਵੀ ਚਿੰਤਾ ਦਾ ਕਾਰਨ ਬਣ ਗਈ ਹੈ। ਇਸ ਸਮੇਂ ਖੇਤਾਂ ਵਿੱਚ ਕਣਕ, ਸਰੋਂ, ਛੋਲੇ ਅਤੇ ਹੋਰਨਾਂ ਸਬਜੀਆਂ ਦੀਆਂ ਫਸਲਾਂ ਖੜੀਆਂ ਹਨ। ਸੰਘਣਾ ਕੋਰਾ ਅਤੇ ਲਗਾਤਾਰ ਨਮੀ ਰਹਿਣ ਨਾਲ ਫਸਲਾਂ ਤੇ ਪਾਲਾ ਪੈਣ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਪੌਦਿਆਂ ਦਾ ਵਾਧਾ ਰੁਕ ਸਕਦਾ ਹੈ। ਜਿਸ ਨਾਲ ਪੈਦਾਵਾਰ ਤੇ ਅਸਰ ਪੈ ਸਕਦਾ ਹੈ। ਖਾਸ ਕਰਕੇ ਸਬਜੀਆਂ ਦੀਆਂ ਫਸਲਾਂ ਵਿੱਚ ਪੱਤਿਆਂ ਦੇ ਝੁਲਸਣ ਅਤੇ ਫੁੱਲ ਫਲ ਡਿੱਗਣ ਦਾ ਡਰ ਹੈ। ਉਪਾਅ, ਸੁਝਾਅ ਨਾਲ ਕੀਤਾ ਜਾ ਸਕਦਾ ਸਬਜੀਆਂ ਦਾ ਬਚਾਅ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਦਾ ਕਹਿਣਾ ਹੈ ਕਿ ਠੰਢ ਅਤੇ ਪਾਲੇ ਤੋਂ ਬਚਾਅ ਦੇ ਲਈ ਕਿਸਾਨਾਂ ਨੂੰ ਕੁਝ ਜਰੂਰੀ ਉਪਾਅ ਅਪਨਾਉਣੇ ਚਾਹੀਦੇ ਹਨ। ਇਨ੍ਹਾਂ ਦਿਨਾਂ ਵਿੱਚ ਫਸਲਾਂ ਦੀ ਹਲਕੀ ਸਿੰਚਾਈ ਕਰਨਾ ਲਾਭਕਾਰੀ ਰਹਿੰਦਾ ਹੈ, ਕਿਉਂਕਿ ਨਮੀ ਕਾਰਨ ਤਾਪਮਾਨ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ। ਸਬਜੀਆਂ ਦੀਆਂ ਫਸਲਾਂ ਨੂੰ ਸੁੱਕੇ ਘਾਹ ਜਾਂ ਪਲਾਸਟਿਕ ਸੀਟ ਨਾਲ ਢੱਕਕੇ ਠੰਢ ਤੋਂ ਬਚਾਇਆ ਜਾ ਸਕਦਾ ਹੈ। ਇਸਤੋਂ ਇਲਾਵਾ ਧੂੰਏ ਦਾ ਸਹਾਰਾ ਲੈ ਕੇ ਖੇਤਾਂ ਵਿਚ ਤਾਪਮਾਨ ਥੋੜਾ ਵਧਾਇਆ ਜਾ ਸਕਦਾ ਹੈ, ਜਿਸ ਨਾਲ ਪਾਲੇ ਦੀ ਮਾਰ ਤੋਂ ਸਬਜੀਆਂ ਬਚਾਈਆਂ ਜਾ ਸਕਦੀਆਂ ਹਨ। ਕਣਕ ਅਤੇ ਸਰੋ ਦੀ ਫਸਲ ਵਿੱਚ ਸੰਤੁਲਨ ਮਾਤਰਾ ਵਿੱਚ ਖਾਦ ਦਾ ਪ੍ਰਯੋਗ ਕਰਨ ਨਾਲ ਵੀ ਪੌਦਿਆਂ ਦੀ ਸਹਿਣ ਸ਼ਕਤੀ ਵਧਦੀ ਹੈ। ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਤੇ ਨਜਰ ਰੱਖਣ ਅਤੇ ਸਮੇਂ ਰਹਿੰਦਿਆਂ ਬਚਾਅ ਅਤੇ ਉਪਾਅ ਕਰਨ। ਬੱਚਿਆਂ ਤੇ ਬਜ਼ੁਰਗਾਂ ਦਾ ਰੱਖਿਆ ਜਾਵੇ ਖਾਸ ਧਿਆਨ ਸਿਵਲ ਸਰਜਨ ਡਾ. ਅਮਰਜੀਤ ਕੌਰ ਦਾ ਕਹਿਣਾ ਹੈ ਕਿ ਆਮ ਲੋਕਾਂ ਦੇ ਲਈ ਸਿਹਤ ਨੂੰ ਲੈ ਕੇ ਚੌਕਸ ਰਹਿਣ ਦੀ ਜਰੂਰਤ ਹੈ। ਇਸ ਮੌਸਮ ਵਿਚ ਬਜ਼ੁਰਗਾਂ, ਬੱਚਿਆਂ ਤੇ ਬਿਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਗਰਮ ਕੱਪੜਿਆਂ ਦਾ ਉਪਯੋਗ ਸਵੇਰੇ ਸ਼ਾਮ ਬਾਹਰ ਨਿਕਲਣ ਤੋਂ ਪਰਹੇਜ ਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਜ਼ਰੂਰੀ ਹੈ।