- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਸਿਲੰਡਰ ਨਾ ਮਿਲਣ ਕਾਰਨ ਹੋਟਲਾਂ ਢਾਬਿਆਂ ਵਾਲੇ ਪ੍ਰੇਸ਼ਾਨ

ਭੱਠੀਆਂ ਨਾਲ ਚਲਾ ਰਹੇ ਕੰਮ, ਚਾਹ ਤੇ ਰੋਟੀ ਦੇ ਭਾਅ ਵਧੇ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਬੇਸ਼ੱਕ ਪ੍ਰਸ਼ਾਸਨ ਗੈਸ ਦੀ ਕਮੀ ਨਾ ਹੋਣ ਦਾ ਦਾਅਵਾ ਕਰਕੇ ਲੋਕਾਂ ਨੂੰ ਵਾਧੂ ਸਟਾਕ ਜਮ੍ਹਾਂ ਨਾ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ, ਪ੍ਰੰਤੂ ਗੈਸ ਸਿਲੰਡਰਾਂ ਦਾ ਸਮੇ ਤੇ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਜ਼ਿਆਦਾ ਪ੍ਰੇਸ਼ਾਨੀ ਹੋਟਲਾਂ ਅਤੇ ਢਾਬਿਆਂ ਵਾਲਿਆਂ ਨੂੰ ਝੱਲਣੀ ਪੈ ਰਹੀ ਹੈ ਅਤੇ ਉਹ ਭੱਠੀਆਂ ਦੇ ਸਹਾਰੇ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਦੇ ਚੱਲਦਿਆਂ ਹੋਟਲਾਂ ਤੇ ਢਾਬਿਆਂ ਵਾਲਿਆਂ ਨੇ ਚਾਹ ਤੋ ਲੈ ਕੇ ਰੋਟੀ ਦੇ ਰੇਟ ਵੀ ਪਹਿਲਾਂ ਨਾਲੋ ਵਧਾ ਦਿੱਤੇ ਹਨ। ਦੂਜੇ ਪਾਸੇ, ਕਈ ਛੋਟੇ ਰੇਹੜੀਆਂ ਵਾਲਿਆਂ ਨੇ ਸਿਲੰਡਰ ਨਾ ਮਿਲਣ ਕਾਰਨ ਆਪਣੀਆਂ ਰੇਹੜੀਆਂ ਲਾਉਣੀਆਂ ਹੀ ਛੱਡ ਦਿੱਤੀਆਂ ਹਨ। ਕੰਮਕਾਜ ਠੱਪ ਪੈ ਜਾਣ ਕਾਰਨ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋ ਗੈਸ ਏਜੰਸੀਆਂ ਦੇ ਬਾਹਰ ਗੈਸ ਸਿਲੰਡਰ ਲੈਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਲੋਕਾਂ ਨੂੰ ਗੈਸ ਲੈਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਚ਼ੜਦਿਆਂ ਹੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਗੈਸ ਏਜੰਸੀਆਂ ਬਾਹਰ ਲੱਗ ਜਾਂਦੀਆਂ ਹਨ ਅਤੇ ਗੈਸ ਇੱਕ ਪਰਚੀ ਲੈਣ ਲਈ ਲੋਕਾਂ ਵਿੱਚ ਮਾਰਾ ਮਾਰੀ ਵੇਖਣ ਨੂੰ ਮਿਲਦੀ ਹੈ। ਗੈਸ ਦੀ ਕਿੱਲਤ ਕਾਰਨ ਢਾਬਿਆਂ ਤੋ ਲੈ ਕੇ ਰੇਹੜੀ ਵਾਲਿਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗਾ ਹੈ।
ਢਾਬਿਆਂ ਅਤੇ ਹੋਟਲਾਂ ਵਾਲੇ ਲੱਕੜ ਅਤੇ ਕੋਲੇ ਨਾਲ ਭੱਠੀਆਂ ਬਾਲ ਕੇ ਆਪਣਾ ਕੰਮ ਚਲਾ ਰਹੇ ਹਨ। ਸ਼ਹਿਰ ਵਿੱਚ ਕਈ ਢਾਬਿਆਂ ਅਤੇ ਹੋਟਲਾਂ ਵਾਲਿਆਂ ਨੇ ਜਿੱਥੇ ਚਾਹ ਦਾ ਇੱਕ ਕੱਪ 15 ਤੋ 20 ਰੁਪਏ ਕਰ ਦਿੱਤਾ ਹੈ, ਉੱਥੇ ਹੀ ਪ੍ਰਤੀ ਰੋਟੀ ਦਾ ਰੇਟ 1 ਤੋ 2 ਰੁਪਏ ਤੱਕ ਵਧਾ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਪੈ ਰਿਹਾ ਹੈ।
ਸ਼ਹਿਰ ਵਿੱਚ ਇਕ ਰੇਹੜੀ ਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਿਲੰਡਰ ਨਾ ਮਿਲਣ ਕਾਰਨ ਉਸ ਦਾ ਕੰਮਕਾਜ ਠੰਢਾ ਪੈ ਗਿਆ ਹੈ। ਉਸਨੇ ਦੱਸਿਆ ਕਿ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਵੀ ਸ਼ਿਖਰ ਤੇ ਹੈ ਅਤੇ ਗੈਸ ਸਿਲੰਡਰ 1600 ਰੁਪਏ ਤੱਕ ਬਲੈਕ ਵਿੱਚ ਮਿਲ ਰਿਹਾ ਹੈ. ਜਿਸ ਨੂੰ ਲੈਣਾ ਉਸ ਦੇ ਵੱਸ ਵਿੱਚ ਨਹੀ ਹੈ। ਅਜਿਹੇ ’ਚ ਉਸਨੇ ਆਪਣੀ ਰੇਹੜੀ ਲਾਉਣੀ ਛੱਡ ਰੱਖੀ ਹੈ। ਹਾਲਾਤ ਸੁਧਰਨ ਤੇ ਜਦੋ ਗੈਸ ਸਿਲੰਡਰ ਮਿਲੇਗਾ ਤਾਂ ਉਹ ਆਪਣਾ ਕੰਮਕਾਜ ਸ਼ੁਰੂ ਕਰੇਗਾ।
ਫਾਸਟਫੂਡ ਦਾ ਕੰਮ ਕਰਨ ਵਾਲੇ ਸੁਨੀਲ ਮੁਤਾਬਕ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਦਾ ਕੰਮਕਾਜ ਖਾਸਾ ਪ੍ਰਭਾਵਿਤ ਹੋ ਰਿਹਾ ਹੈ। ਫਿਲਹਾਲ ਜਿਵੇ ਤਿਵੇ ਕੰਮ ਚਲਾਉਣਾ ਪੈ ਰਿਹਾ ਹੈ, ਜੇਕਰ ਹਾਲਾਤ ਇਹੀ ਬਣੇ ਰਹੇ ਅਤੇ ਸਿਲੰਡਰ ਨਾ ਮਿਲਣ ਕਾਰਨ ਉ੍ਹਾਂ ਨੂੰ ਆਪਣਾ ਕੰਮ ਫਿਲਹਾਲ ਬੰਦ ਕਰਨਾ ਪੈ ਸਕਦਾ ਹੈ।