ਹਸਪਤਾਲ ਦਾ ਗੇਟ ਬੰਦ, ਲੋਕ ਤੇ ਮਰੀਜ਼ ਹੋ ਰਹੇ ਤੰਗ
ਹਸਪਤਾਲ ਦਾ ਗੇਟ ਬੰਦ, ਲੋਕ ਤੇ ਮਰੀਜ਼ ਹੋ ਰਹੇ ਤੰਗ
Publish Date: Thu, 05 Feb 2026 06:23 PM (IST)
Updated Date: Fri, 06 Feb 2026 04:05 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਸਰਕਾਰੀ ਹਸਪਤਾਲ ਦਾ ਕੌਲਾ ਪਾਰਕ ਵਾਲੇ ਪਾਸੇ ਦਾ ਮੁੱਖ ਗੇਟ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੇਟ ਦੇ ਬੰਦ ਹੋਣ ਕਾਰਨ ਜਿੱਥੇ ਦੂਜੇ ਗੇਟ ’ਤੇ ਭੀੜ ਭੜੱਕਾ ਲੱਗਿਆ ਰਹਿੰਦਾ ਹੈ, ਉੱਥੇ ਹੀ ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਲਿਜਾਣ ਵਾਲੀ ਐਂਬੂਲੈਂਸ ਨੂੰ ਵੀ ਅੜਿੱਕਾ ਬਣ ਗਿਆ ਹੈ।
ਸਰਕਾਰੀ ਹਸਪਤਾਲ ਵਿੱਚ ਮੌਜ਼ੂਦ ਕੁਝ ਮਰੀਜ਼ਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦਾ ਕੌਲਾ ਪਾਰਕ ਇਲਾਕੇ ਵਾਲਾ ਗੇਟ ਪਿਛਲੇ ਕਈ ਦਿਨਾਂ ਤੋਂ ਬੰਦ ਕੀਤਾ ਪਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਪੀਆਈ (ਐਮ) ਦੇ ਜ਼ਿਲਾ ਸਕੱਤਰ ਚਮਕੌਰ ਸਿੰਘ ਖੇੜੀ ਨੇ ਵੀ ਮੌਕੇ ਤੇ ਜਾ ਵੇਖਿਆ ਤਾਂ ਮਰੀਜ਼ਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲ ਪ੍ਰਬੰਧਨ ਦੀ ਇਹ ਵੱਡੀ ਘਾਟ ਹੈ। ਇਸ ਗੇਟ ਦੇ ਬੰਦ ਹੋਣ ਕਾਰਨ ਸ਼ਹਿਰ ਦੇ ਮਰੀਜ਼ਾਂ ਨੂੰ ਦਿੱਕਤ ਆਉਣ ਲੱਗੀ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵੇਲੇ ਐਂਬੂਲੈਂਸ ਇਸ ਗੇਟ ਰਾਹੀਂ ਜਲਦੀ ਆ ਜਾਂਦੀ ਸੀ ਪਰ ਇਹ ਗੇਟ ਬੰਦ ਹੋਣ ਕਾਰਨ ਹੁਣ ਐਂਬੂਲੈਂਸ ਨੂੰ ਦੂਜੇ ਗੇਟ ਰਾਹੀਂ ਆਉਣਾ ਪੈ ਰਿਹਾ ਹੈ ਜਿਸ ਕਾਰਨ ਸਮਾਂ ਕਾਫ਼ੀ ਖਰਾਬ ਹੋ ਰਿਹਾ ਹੈ। ਉਨਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਦੇ ਪ੍ਰਬੰਧਕ ਤੁਰੰਤ ਇਸ ਗੇਟ ਨੂੰ ਖੋਲਣ।
ਦੂਜੇ ਪਾਸੇ, ਕਾਂਗਰਸ ਪਾਰਟੀ ਦੇ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਪ੍ਰਬੰਧਕ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਛੇਤੀ ਕੱਢਣ ਕਿਉਂਕਿ ਇਸ ਗੇਟ ਦੇ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਆਖਿਆ ਕਿ ਅਸੀਂ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਮੰਗ ਰੱਖਣਗੇ।
ਸਰਕਾਰੀ ਹਸਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਗੇਟ ਕੈਂਸਰ ਹਸਪਤਾਲ ਪ੍ਰਬੰਧਕਾਂ ਵੱਲੋਂ ਬੰਦ ਕਰਵਾਇਆ ਗਿਆ ਹੈ। ਜਿਸਨੂੰ ਬਿਨਾਂ ਦੇਰੀ ਖੋਲਿਆ ਜਾਵੇ ਕਿਉਂਕਿ ਇਸ ਗੇਟ ਰਾਹੀਂ ਐਂਬੂਲੈਂਸ ਬਹੁਤ ਘੱਟ ਸਮੇਂ ਵਿੱਚ ਹਸਪਤਾਲ ਵਿੱਚ ਆ ਜਾਂਦੀ ਹੈ ਜਦੋਂ ਕਿ ਦੂਜੇ ਗੇਟ ਰਾਹੀਂ ਉਸ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖ ਕੇ ਵੀ ਭੇਜਿਆ ਗਿਆ ਹੈ।
ਸਿਵਲ ਸਰਜਨ ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਮਸਲੇ ਸਬੰਧੀ ਲਿਖਤੀ ਤੌਰ ਤੇ ਆਇਆ ਹੋਇਆ ਹੈ ਅਤੇ ਇਸ ਸਬੰਧੀ ਮੀਟਿੰਗ ਕਰਕੇ ਛੇਤੀ ਹੀ ਹਸਪਤਾਲ ਦਾ ਇਹ ਗੇਟ ਖੁੱਲਵਾਇਆ ਜਾਵੇਗਾ।