ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ਦੌਰਾਨ ਧੀਆਂ ਦਾ ਸਨਮਾਨ, ਸਿਹਤ ਮੰਤਰੀ ਨੇ ਕਿਹਾ-... ਤਾਂ ਹੀ ਬਣੇਗਾ ਰੰਗਲਾ ਪੰਜਾਬ
ਪੰਜਾਬ ਸਰਕਾਰ ਵੱਲੋਂ ਹਰ ਸਾਲ ਮਨਾਈ ਜਾਂਦੀ “ਧੀਆਂ ਦੀ ਲੋਹੜੀ” ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੁਸ਼ੀਲ ਪੈਲੇਸ, ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ।
Publish Date: Tue, 13 Jan 2026 07:13 PM (IST)
Updated Date: Tue, 13 Jan 2026 07:16 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਹਰ ਸਾਲ ਮਨਾਈ ਜਾਂਦੀ “ਧੀਆਂ ਦੀ ਲੋਹੜੀ” ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੁਸ਼ੀਲ ਪੈਲੇਸ, ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ।
ਉਹਨਾਂ ਕਿਹਾ ਕਿ ਜਦੋਂ ਘਰਾਂ ਵਿੱਚ ਧੀਆਂ ਖੁਸ਼, ਸੁਰੱਖਿਅਤ ਅਤੇ ਤੰਦਰੁਸਤ ਹੋਣਗੀਆਂ ਤਾਂ ਹੀ ਪੰਜਾਬ ਸਚਮੁੱਚ ਰੰਗਲਾ ਬਣੇਗਾ। ਇਸ ਮੌਕੇ ਧੀਆਂ ਦੇ ਸਨਮਾਨ ਦੇ ਨਾਲ-ਨਾਲ ਲਿੰਗ ਸਮਾਨਤਾ, ਧੀਆਂ ਦੀ ਸਿਹਤ ਅਤੇ ਨਸ਼ਾ ਮੁਕਤ ਪੰਜਾਬ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ। ਇਸ ਮੌਕੇ 51 ਨਵਜੰਮੀਆਂ ਬੱਚੀਆਂ, 6 ਏ.ਐਨ.ਐਮ., 10 ਆਸ਼ਾ ਵਰਕਰਾਂ ਅਤੇ 8 ਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ ਸਮੇਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ 160 ਆਸ਼ਾ ਵਰਕਰਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਸਟਾਲ ਵੀ ਵੰਡੇ ਗਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ 1000 ਮੁੰਡਿਆਂ ਪਿੱਛੇ 920 ਲੜਕੀਆਂ ਦਾ ਲਿੰਗ ਅਨੁਪਾਤ ਹੈ, ਜਿਸਨੂੰ ਆਉਣ ਵਾਲੇ ਸਮੇਂ 'ਚ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ, ਚੰਗੀ ਸਿੱਖਿਆ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਵਾਉਣੇ ਬਹੁਤ ਜ਼ਰੂਰੀ ਹਨ।
ਸਮਾਗਮ ਦੌਰਾਨ ਸਰਕਾਰੀ ਮਾਤਾ ਕੌਸ਼ਲਿਆ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਮਾਤਾ ਕੌਸ਼ਲਿਆ ਹਸਪਤਾਲ ਦੀਆਂ ਨਰਸਾਂ ਵੱਲੋਂ ਗਿੱਧਾ ਅਤੇ ਨਸ਼ਾ ਮੁਕਤੀ ਸੰਦੇਸ਼ ਵਾਲੀਆਂ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸਨਰ ਦਮਨਜੀਤ ਸਿੰਘ ਮਾਨ, ਡਾਇਰੈਕਟਰ ਹੈਲਥ ਸਰਵਿਸ ਡਾ ਅਦਿਤੀ ਸਲਾਰੀਆ, ਨੋਡਲ ਅਫ਼ਸਰ ਡਾ ਨਵਜੋਤ ਕੌਰ, ਸਿਵਲ ਸਰਜਨ ਡਾ ਜਸਵਿੰਦਰ ਸਿੰਘ, ਜਿਲ੍ਹਾ ਫੈਮਿਲੀ ਵੈਲਫੇਅਰ ਅਫ਼ਸਰ ਡਾ ਬਲਕਾਰ ਸਿੰਘ, ਸੁਰੇਸ਼ ਰਾਏ ਤੋਂ ਇਲਾਵਾ ਸਮੂਹ ਐਮ ਸੀ ਆਸ਼ਾ ਵਰਕਰਜ਼ ਅਤੇ ਧੀਆਂ ਦੇ ਮਾਪੇ ਮੌਜੂਦ ਸਨ।