ਹਾਕੀ ਮਹਿਲਾ ਚੈਂਪੀਅਨਸ਼ਿਪ ’ਚ ਪੀਯੂ ਨੇ ਪਹਿਲਾ ਸਥਾਨ ਕੀਤਾ ਹਾਸਲ
ਹਾਕੀ ਮਹਿਲਾ ਚੈਂਪੀਅਨਸ਼ਿਪ ’ਚ ਪੀਯੂ ਨੇ ਪਹਿਲਾ ਸਥਾਨ ਕੀਤਾ ਹਾਸਲ
Publish Date: Fri, 16 Jan 2026 05:49 PM (IST)
Updated Date: Fri, 16 Jan 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਉੱਤਰ-ਖੇਤਰੀ ਅੰਤਰ-ਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਖੇ 11 ਤੋਂ 15 ਜਨਵਰੀ 2026 ਤੱਕ ਕਰਵਾਈ ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਚੈਂਪੀਅਨਸ਼ਿਪ ਦੇ ਸੰਪੰਨ ਹੋਣ ਉੱਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਦਾ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣਾ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ। ਅਜਿਹਾ ਹੋਣਾ ਜਿੱਥੇ ਉਨ੍ਹਾਂ ਦੀ ਤਰੱਕੀ ਦੇ ਰਾਹ ਖੋਲ੍ਹਦਾ ਹੈ ਉੱਥੇ ਹੀ ਹੋਰਨਾਂ ਲੜਕੀਆਂ ਲਈ ਪ੍ਰੇਰਣਾ ਅਤੇ ਸਵੈ ਵਿਸ਼ਵਾਸ ਦਾ ਸਬੱਬ ਵੀ ਸਿਰਜਦਾ ਹੈ। ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਉੱਤਰ ਭਾਰਤ ਦੀਆਂ 28 ਯੂਨੀਵਰਸਿਟੀਆਂ ਨੇ ਭਾਗ ਲਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੂਜੇ ਸਥਾਨ ਤੇ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਹਿਸਾਰ ਹਰਿਆਣਾ ਨੇ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ।