ਵੱਧ ਰਿਹਾ ਗਰਮੀ ਦਾ ਪ੍ਰਕੋਪ, ਬੱਚਿਆਂ ਦਾ ਧਿਆਨ ਰੱਖਣ ਦੀ ਲੋੜ
ਵੱਧ ਰਿਹਾ ਗਰਮੀ ਦਾ ਪ੍ਰਕੋਪ, ਬੱਚਿਆਂ ਦਾ ਧਿਆਨ ਰੱਖਣ ਦੀ ਲੋੜ
Publish Date: Wed, 22 Apr 2026 03:30 PM (IST)
Updated Date: Thu, 23 Apr 2026 04:01 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸੂਬੇ ਭਰ ’ਚ ਵੱਧ ਰਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਇਲਾਕੇ ਦਾ ਤਾਪਮਾਨ ਲਗਭਗ 36-38 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਗਿਆ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਤਪਦੀ ਧੁੱਪ ਤੇ ਗਰਮ ਹਵਾਵਾਂ ਨੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਤੇ ਬਹੁਤ ਅਸਰ ਪਾਇਆ ਹੈ। ਬਜ਼ਾਰਾਂ ਵਿਚ ਵੀ ਦੁਪਹਿਰ ਵੇਲੇ ਰੌਣਕ ਘੱਟ ਵੇਖੀ ਜਾਂਦੀ ਹੈ, ਜਦਕਿ ਠੰਢੇ ਪਾਣੀ, ਲੱਸੀ ਤੇ ਸ਼ਰਬਤ ਦੀਆਂ ਦੁਕਾਨਾਂ ਤੇ ਭੀੜ ਵੱਧ ਗਈ ਹੈ। ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਦਿਨ ਦੇ ਤਿੱਖੇ ਸਮੇਂ ਚ ਘਰਾਂ ਚ ਰਹਿਣ, ਜ਼ਿਆਦਾ ਪਾਣੀ ਪੀਣਾ ਜਰੂਰੀ ਹੈ। ਧੁੱਪ ’ਚ ਬਿਨਾਂ ਲੋੜ ਨਾ ਜਾਓ : ਡਾ. ਕਰਨਵੀਰ ਡਾ. ਕਰਨਵੀਰ ਸਿੰਘ ਘਨੌਰੀ ਨੇ ਦੱਸਿਆ ਕਿ ਦਿਲ ਤੇ ਸ਼ੂਗਰ ਦੇ ਮਰੀਜ਼ਾਂ ਲਈ ਗਰਮੀ ਖ਼ਾਸ ਤੌਰ ਤੇ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਵੱਧ ਤੋਂ ਵੱਧ ਪਾਣੀ ਪੀਣ, ਸਮੇਂ-ਸਮੇਂ ਤੇ ਆਪਣੀ ਸ਼ੂਗਰ ਲੈਵਲ ਦੀ ਜਾਂਚ ਕਰਦੇ ਰਹਿਣ ਤੇ ਧੁੱਪ ਵਿਚ ਬਿਨਾਂ ਲੋੜ ਨਾ ਜਾਣ। ਉਨ੍ਹਾਂ ਸਲਾਹ ਦਿੱਤੀ ਕਿ ਹਲਕਾ ਤੇ ਸਿਹਤਮੰਦ ਖਾਣਾ ਹੀ ਖਾਧਾ ਜਾਵੇ। ਆਪ੍ਰੇਸ਼ਨ ਵਾਲੇ ਮਰੀਜ਼ ਸਾਫ਼-ਸਫ਼ਾਈ ਦਾ ਧਿਆਨ ਰੱਖਣ : ਡਾ. ਸਿਕੰਦਰ ਡਾ. ਸਿਕੰਦਰ ਘਨੌਰ ਨੇ ਕਿਹਾ ਕਿ ਗਰਮੀ ਵਿਚ ਇਨਫੈਕਸ਼ਨ ਤੇ ਜ਼ਖ਼ਮ ਜਲਦੀ ਖਰਾਬ ਹੋ ਸਕਦੇ ਹਨ। ਇਸ ਲਈ ਜਿਨ੍ਹਾਂ ਮਰੀਜ਼ਾਂ ਦਾ ਹਾਲ ਹੀ ਵਿਚ ਅਪ੍ਰੇਸ਼ਨ ਹੋਇਆ ਹੈ, ਉਹ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣ ਤੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦੀ ਹੈ, ਜਿਸ ਤੋਂ ਬਚਣਾ ਜ਼ਰੂਰੀ ਹੈ। ਮਰੀਜ਼ ਬਾਹਰ ਜਾਣ ਸਮੇਂ ਮਾਸਕ ਲਗਾਉਣ : ਡਾ. ਜਗਜੀਵਨ ਡਾ. ਜਗਜੀਵਨ ਸਿੰਘ ਸਾਬਕਾ ਡੀਐਚਓ ਉਨ੍ਹਾਂ ਦੱਸਿਆ ਕਿ ਗਰਮੀ ਵਿਚ ਧੂੜ ਤੇ ਪ੍ਰਦੂਸ਼ਣ ਕਾਰਨ ਦਮਾ ਤੇ ਐਲਰਜੀ ਦੇ ਮਰੀਜ਼ਾਂ ਦੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਮਰੀਜ਼ ਬਾਹਰ ਜਾਣ ਸਮੇਂ ਮਾਸਕ ਦਾ ਇਸਤੇਮਾਲ ਕਰਨ ਤੇ ਆਪਣੀ ਦਵਾਈ ਸਮੇਂ ਤੇ ਲੈਣ। ਉਨ੍ਹਾਂ ਕਿਹਾ ਕਿ ਜੇਕਰ ਸਾਹ ਲੈਣ ਵਿਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਬੱਚਿਆਂ ਨੂੰ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚਾਇਆ ਜਾਵੇ : ਤਰਸੇਮ ਸਿੰਘ ਬੀਈਈ ਤਰਸੇਮ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਪਿਲਾਏ ਜਾਣ ਤੇ ਹਲਕੇ ਕੱਪੜੇ ਪਹਿਨਾਏ ਜਾਣ। ਜੇਕਰ ਬੱਚਿਆਂ ਨੂੰ ਬੁਖਾਰ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।