ਹਰਸਿਮਰਨਜੋਤ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ
ਹਰਸਿਮਰਨਜੋਤ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ
Publish Date: Sun, 18 Jan 2026 03:54 PM (IST)
Updated Date: Mon, 19 Jan 2026 04:00 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹਰਸਿਮਰਨਜੋਤ ਕੌਰ ਨੂੰ ਪਰਿਵਰਤਨ ਸੰਸਥਾ ਵੱਲੋਂ ਧੀ ਪੰਜਾਬ ਦੀ ਐਵਾਰਡ ਨਾਲ ਨਵਾਜਿਆ ਗਿਆ। ਇਹ ਸਨਮਾਨ ਪ੍ਰਾਪਤ ਕਰਨ ਵਾਸਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਤੋਂ ਬੱਚੇ ਵੀ ਆਏ ਹੋਏ ਸਨ। ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ (ਧੂਰੀ) ਵੱਲੋਂ ਇਹ ਦੱਸਦੇ ਹੋਏ ਬੜਾ ਮਾਣ ਤੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਹਰਸਿਮਰਨਜੋਤ ਕੌਰ ਨੂੰ ਇਹ ਸਨਮਾਨ ਉਸਦੇ ਲਗਾਤਾਰ ਪ੍ਰਾਪਤ ਕੀਤੇ ਜਾਣ ਵਾਲੇ ਵੱਖ-ਵੱਖ ਸਪੋਰਟਸ ਪੁਜ਼ੀਸ਼ਨ ਜਿਵੇਂ ਕਿ 2024 ਸਟੇਟ ਬਾਕਸਿੰਗ ਵਿਚ ਚਾਂਦੀ ਦਾ ਤਮਗਾ, ਸਟੇਟ ਜੂਨੀਅਰ ਕੰਪੀਟੀਸ਼ਨ ਵਿਚ ਕਾਂਸਾ ਤਮਗਾ, 2015 ਸਟੇਟ ਪੱਧਰ ’ਤੇ ਕਾਂਸਾ ਤਮਗਾ, ਕੁਸ਼ਤੀ ਵਿੱਚ ਨੈਸ਼ਨਲ ਪੱਧਰ ’ਤੇ ਚਾਂਦੀ ਦਾ ਤਮਗਾ ਤੇ ਇਸ ਸਾਲ ਸਟੇਟ ਪੱਧਰ ’ਤੇ ਚਾਂਦੀ ਦਾ ਤਮਗਾ ਪ੍ਰਾਪਤ ਕਰਨ ਕਰ ਕੇ ਦਿੱਤਾ ਗਿਆ। ਇਹ ਸਾਡੇ ਸਕੂਲ ਲਈ ਬੜੇ ਮਾਣ ਦੀ ਗੱਲ ਹੈ ਕਿ ਹਰਸਿਮਰਨਜੋਤ ਕੌਰ ਨੇ ਆਪਣੀ ਮਿਹਨਤ, ਲਗਨ ਤੇ ਕਾਬਲੀਅਤ ਦੇ ਬਲ ’ਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਨਾਮ ਪੂਰੇ ਪੰਜਾਬ ਵਿਚ ਚਮਕਾਇਆ ਹੈ। ਹਰਸਿਮਰਨਜੋਤ ਕੌਰ ਪੰਜਾਬ ਦੀਆਂ ਹੋਣਹਾਰ ਧੀਆਂ ਵਿੱਚੋਂ ਇੱਕ ਹੈ, ਜੋ ਹੋਰ ਵਿਦਿਆਰਥਣਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ। ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਨੇ ਬੱਚੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਮਿਹਨਤ ਇਕ ਨਾ ਇਕ ਦਿਨ ਰੰਗ ਲਿਆਉਂਦੀ ਹੈ, ਇਸ ਬੱਚੀ ਦੀ ਮਿਹਨਤ ਨੇ ਅੱਜ ਇਸਨੂੰ ਇਸ ਸਨਮਾਨ ਲਈ ਤਿਆਰ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਇਹ ਧੀ ਦੇਸ਼ ਦਾ ਅਹੁਦਾ ਪ੍ਰਾਪਤ ਕਰੇ, ਇਹੀ ਮੇਰੀ ਦਿਲੀ ਤਮੰਨਾ ਹੈ। ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਬੱਚੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਇਸ ਉਪਲਬਦੀ ਵਾਸਤੇ ਬੱਚੀ, ਉਸਦੇ ਮਾਤਾ-ਪਿਤਾ ਅਤੇ ਸਕੂਲ ਦੇ ਉਹ ਸਾਰੇ ਕੋਚ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਲਗਾਤਾਰ ਬੱਚੇ ਨਾਲ ਮਿਹਨਤ ਕੀਤੀ ਅਤੇ ਉਹਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਕੀਤਾ। ਸਕੂਲ ਪਰਿਵਾਰ ਬੱਚੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀਆਂ ਪ੍ਰਾਪਤ ਕਰਨ ਦੇ ਵਾਸਤੇ ਆਪਣੀ ਸ਼ੁਭਕਾਮਨਾਵਾਂ ਦਿੰਦਾ ਹੈ।