ਖ਼ੂਨਦਾਨੀਆਂ ਦੀ ਭਲਾਈ ਲਈ ਸਰਕਾਰ ਕਰੇ ਬੋਰਡ ਦਾ ਗਠਨ : ਹਰਦੀਪ ਸਨੌਰ
ਖੂਨਦਾਨੀਆਂ ਦੀ ਭਲਾਈ ਲਈ ਸਰਕਾਰ ਕਰੇ ਬੋਰਡ ਦਾ ਗਠਨ: ਹਰਦੀਪ ਸਨੌਰ
Publish Date: Sat, 07 Mar 2026 04:31 PM (IST)
Updated Date: Sat, 07 Mar 2026 04:33 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗੜ੍ਹ : ਉੱਘੇ ਸਮਾਜ ਸੇਵੀ ਅਤੇ ਖ਼ੂਨਦਾਨ ਸੇਵਾ ਵਿਚ 20 ਸਾਲਾਂ ਤੋਂ ਸਰਗਰਮ ਭੂਮਿਕਾ ਨਿਭਾ ਰਹੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਅਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ 4 ਲੱਖ ਤੋਂ ਵੱਧ ਖ਼ੂਨਦਾਨੀਆਂ ਅਤੇ ਸਮਾਜ ਸੇਵਕਾਂ ਦੀ ਭਲਾਈ ਬਲੱਡ ਡੋਨਰਜ਼ ਵੈੱਲਫੇਅਰ ਬੋਰਡ ਦਾ ਗਠਨ ਕਰੇ ਤਾਂ ਜੋ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਗਿਣਤੀ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਮੂਹ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਇੱਕਜੁਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਚ ਲੋਡ਼ਵੰਦ ਮਰੀਜ਼ਾਂ ਲਈ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਮਾਰਚ ਦੇ ਮਹੀਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਏ ਜਾਣਗੇ। ਇਸੇ ਲਡ਼ੀ ਤਹਿਤ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂ, ਪਿੰਡਾਂ ਦੇ ਯੂਥ ਕਲੱਬਾਂ ਦੇ ਆਹੁਦੇਦਾਰ ਅਤੇ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਦੇਵੀਗਡ਼੍ਹ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸੰਬੰਧੀ ਜਲਦੀ ਹੀ ਦੇਵੀਗਡ਼੍ਹ ਵਿਖੇ ਯੂਥ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ ਜਾਵੇਗੀ।