ਕਣਕ ਦੀ ਖਰੀਦ ਲਈ ਕੀਤੇ ਗਏ ਪੁਖਤਾ ਪ੍ਰਬੰਧ : ਬਰਸਟ
ਕਣਕ ਦੀ ਖਰੀਦ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ
Publish Date: Sun, 12 Apr 2026 05:56 PM (IST)
Updated Date: Mon, 13 Apr 2026 04:10 AM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸਮੂਹ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਹਲਕਾ ਸਮਾਣਾ ਅਧੀਨ ਆਉਂਦੇ ਖਰੀਦ ਕੇਂਦਰ, ਦਦਹੇੜਾ ਵਿਖੇ ਕੀਤਾ ਗਿਆ। ਹਰਚੰਦ ਸਿੰਘ ਬਰਸਟ ਵੱਲੋਂ ਅੱਜ ਖਰੀਦ ਕੇਂਦਰ, ਦਦਹੇੜਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਬਰਸਟ ਨੇ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਚੇਅਰਮੈਨ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਤਾਂ ਜੋ ਕਿਸਾਨ ਬਿਨਾਂ ਕਿਸੇ ਔਕੜ ਤੋਂ ਖੁਸ਼ੀ-ਖੁਸ਼ੀ ਆਪਣੀ ਫਸਲ ਨੂੰ ਵੇਚ ਕੇ ਜਲਦ ਤੋਂ ਜਲਦ ਆਪਣੇ ਘਰ ਜਾ ਸਕਣ। ਇਸ ਮੌਕੇ ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕਿਟ ਕਮੇਟੀ ਪਟਿਆਲਾ, ਬਲਜਿੰਦਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਫੂਡ ਇੰਡਸਟਰੀ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਭੁਪਿੰਦਰ ਸਿੰਘ ਸਰਪੰਚ ਖੇੜੀ ਗੋੜੀਆਂ, ਸੁਖਵੀਰ ਸਿੰਘ ਸਰਪੰਚ ਵਲੀਪੁਰ, ਪਰਗਟ ਸਿੰਘ, ਗੁਰਬਖਸ਼ ਸਿੰਘ ਦਦਹੇੜਾ, ਗਿਆਨ ਦਾਸ , ਤੋਤੀ ਪੰਚ, ਸੋਨੂ ਕੁਮਾਰ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ, ਰਾਜ ਕੁਮਾਰ, ਕੁਲਵੰਤ ਸਿੰਘ, ਦਲਬੀਰ ਸਿੰਘ, ਅਸਲਮ ਮਹੁੰਮਦ ਜ਼ਿਲ੍ਹਾ ਮੰਡੀ ਅਫ਼ਸਰ, ਗੁਲਜਾਰ ਸਿੰਘ ਦੁਘਾਟ, ਧਨਵੰਤ ਸਿੰਘ, ਗੁਰਧਿਆਨ ਸਿੰਘ, ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ।