ਸਰਕਾਰੀ ਸਕੂਲਾਂ ਦੇ ਬੱਚਿਆਂ ਅੰਦਰ ਅਥਾਹ ਪ੍ਰਤਿਭਾ ਛੁਪੀ ਹੋਈ ਹੈ: ਹਡਾਣਾ
ਸਰਕਾਰੀ ਸਕੂਲਾਂ ਦੇ ਬੱਚਿਆਂ ਅੰਦਰ ਅਥਾਹ ਪ੍ਰਤਿਭਾ ਛੁਪੀ ਹੋਈ ਹੈ: ਰਣਜੋਧ ਸਿੰਘ ਹਡਾਣਾ
Publish Date: Sat, 18 Apr 2026 05:19 PM (IST)
Updated Date: Sun, 19 Apr 2026 04:07 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ:- ਸਰਕਾਰੀ ਪ੍ਰਾਇਮਰੀ ਮਿਡਲ ਸਮਾਰਟ ਸਕੂਲ ਖ਼ਾਕਟਾਂ ਬਲਾਕ ਭੁਨਰਹੇੜੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੜਾਈ ਅਤੇ ਹੋਰਨਾਂ ਗਤੀਵਿਧੀਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨ ਦਿੱਤੇ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾ ਰਹੇ ਸਕੂਲ ਇੰਚਾਰਜ ਮਦਨ ਲਾਲ ਸਮੇਤ ਹੋਰਨਾਂ ਸਟਾਫ ਦੀ ਪ੍ਰਸੰਸਾ ਕੀਤੀ। ਇਸ ਸਮਾਗਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਵਿਦਿਆਰਥੀਆਂ ਵੱਲੋਂ ਲਗਾਈ ਗਈ ’ਸੁੰਦਰ ਲਿਖਾਈ ਪ੍ਰਦਰਸ਼ਨੀ’ ਰਹੀ। ਹਡਾਣਾ ਨੇ ਬੱਚਿਆਂ ਵੱਲੋਂ ਲਿਖੇ ਗਏ ਸੁੰਦਰ ਸ਼ਬਦਾਂ ਅਤੇ ਕਲਾਤਮਕ ਲਿਖਾਈ ਦੀ ਡੂੰਘੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਅੰਦਰ ਅਥਾਹ ਪ੍ਰਤਿਭਾ ਛੁਪੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੱਚਿਆਂ ਨੇ ਬਾ-ਕਮਾਲ ਲਿਖਾਈ ਪੇਸ਼ ਕੀਤੀ ਹੈ, ਉਹ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਪ੍ਰਤੀਕ ਹੈ। ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਸਾਡੇ ਸਰਕਾਰੀ ਸਮਾਰਟ ਸਕੂਲ ਅੱਜ ਨਿੱਜੀ ਸਕੂਲਾਂ ਨੂੰ ਮਾਤ ਦੇ ਰਹੇ ਹਨ। ਸਕੂਲ ਸਟਾਫ਼ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਲਾਨਾ ਰਿਪੋਰਟ ਪੜ੍ਹੀ ਗਈ। ਅਧਿਆਪਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਰ ਤਰ੍ਹਾਂ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਸਮਾਗਮ ਵਿੱਚ ਜਸਵਿੰਦਰ ਸਿੰਘ ਰਾਣਾ ਪ੍ਰਧਾਨ ਆਡਤੀ ਐਸੋਸੀਏਸ਼ਨ ਪੰਜਾਬ, ਕਿਰਨਜੀਤ ਕੌਰ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਕਾਂਤਾ ਰਾਣੀ, ਰਵਿੰਦਰ ਸਿੰਘ, ਹਰਪ੍ਰੀਤਪਾਲ ਸਿੰਘ, ਪ੍ਰਾਇਮਰੀ ਸਟਾਫ ਤੋਂ ਗੁਰਪ੍ਰੀਤ ਸਿੰਘ ਸੀਐੱਚਟੀ, ਗੁਲਜ਼ਾਰ ਸਿੰਘ ਈਟੀਟੀ, ਅੰਮ੍ਰਿਤਪਾਲ ਕੌਰ ਈਟੀਟੀ, ਸਤਬੰਤ ਕੌਰ ਈਟੀਟੀ ਤੇ ਗੁਰਮੇਲ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਰਾਜਾ ਧੰਜੂ ਸਰਪੰਚ, ਹਰਵਿੰਦਰ ਸਿੰਘ, ਦਵਿੰਦਰ ਸਿੰਘ ਸਰਪੰਚ ਖਾਕਟਾਂ ਖੁਰਦ, ਬਲਦੇਵ ਸਿੰਘ, ਜਗਕਰਨ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ, ਸ਼ਿੰਦਰ ਸਿੰਘ ਸਰਪੰਚ ਖਾਕਟਾਂ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।