ਰਣਜੋਧ ਹਡਾਣਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
ਰਣਜੋਧ ਹਡਾਣਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
Publish Date: Sun, 12 Apr 2026 05:30 PM (IST)
Updated Date: Mon, 13 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਹਲਕਾ ਸਨੌਰ ਦੇ ਪਿੰਡ ਹਡਾਣਾ ਵਿਖੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਦੇ ਯਤਨਾਂ ਸਦਕਾ 77 ਲੱਖ ਦੀ ਲਾਗਤ ਨਾਲ ਸਾਢੇ ਤਿੰਨ ਏਕਡ਼ ਵਿੱਚ ਬਣੀ ਨਵੀਂ ਅਨਾਜ ਮੰਡੀ ਵਿੱਚ ਅੱਜ ਪਹਿਲੇ ਦਿਨ ਕਣਕ ਦੀ ਖ੍ਰੀਦ ਸ਼ੁਰੂ ਹੋਈ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇਸ ਮੰਡੀ ਦੇ ਸ਼ੁਰੂ ਹੋਣ ਨਾਲ ਆਸ ਪਾਸ ਦੇ 25 ਪਿੰਡਾਂ ਨੂੰ ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਜਾਣ ਤੋਂ ਰਾਹਤ ਮਿਲੇਗੀ। ਪਹਿਲਾਂ ਇਥੋਂ ਦੇ ਕਿਸਾਨ ਦੇਵੀਗਡ਼ ਜਾਂ ਹਰਿਆਣਾ ਦੇ ਕਸਬਾ ਨਨਿਓਲਾ ਵਿਖੇ ਆਪਣੀ ਫਸਲ ਵੇਚਣ ਲਈ ਲੈ ਕੇ ਜਾਂਦੇ ਸਨ। ਇਸ ਮੰਡੀ ਦੇ ਸ਼ੁਰੂ ਹੋਣ ਨਾਲ ਜਿੱਥੇ ਕਿਸਾਨਾਂ ਦਾ ਸਮਾਂ ਬਚੇਗਾ ਉੱਥੇ ਹੀ ਡੀਜ਼ਲ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਖ੍ਰੀਦ ਕੇਂਦਰ ਨੂੰ ਹੋਰ ਵੀ ਵਿਕਸਤ ਕਰਵਾਇਆ ਜਾਵੇਗਾ। ਇਸ ਖ੍ਰੀਦ ਕੇਂਦਰ ਦੇ ਸ਼ੁਰੂ ਕਰਨ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਪਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰਾਤਾਂ ਨਾ ਗੁਜਾਰਨੀਆਂ ਪੈਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਫਸਲ ਦੀ ਅਦਾਇਗੀ ਵੀ ਨਾਲੋ ਨਾਲ ਕੀਤੀ ਜਾਵੇਗੀ ਅਤੇ ਬਾਰਦਾਨੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਂਸ ਮੌਕੇ ਉਨ੍ਹਾਂ ਨਾਲ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁੱਧਨਸਾਧਾਂ, ਰਾਜਾ ਧੰਜੂ ਸਰੁਸਤੀਗਡ਼੍ਹ, ਰਾਜਵਿੰਦਰ ਸਿੰਘ ਹਡਾਣਾ, ਹਰਪਾਲ ਸਿੰਘ ਸਰਪੰਚ ਹਡਾਣਾ, ਅਸ਼ੋਕ ਕੁਮਾਰ ਸਕੱਤਰ ਮਾਰਕੀਟ ਕਮੇਟੀ, ਸਾਹਿਲ ਜਿੰਦਲ ਲੇਖਾਕਾਰ, ਗੁਰਪ੍ਰੀਤ ਸਿੰਘ ਇੰਸਪੈਕਟਰ ਪਨਗ੍ਰੇਨ, ਭੋਲਾ ਮਲਕਪੁਰ, ਜੀਤੂ ਥਿੰਦ, ਬਿਕਰਮ ਸਿੰਘ ਹਡਾਣਾ ਆਦਿ ਮੌਜੂਦ ਸਨ।