ਕਾਰ ਹਾਦਸੇ ਤੋਂ ਬਾਅਦ ਹਡਾਣਾ ਦਾ ਤੁਰੰਤ ਐਕਸ਼ਨ, ਮੌਕੇ ’ਤੇ ਪੁੱਜ ਕੇ ਲਿਆ ਜਾਇਜ਼ਾ
ਕਾਰ ਹਾਦਸੇ ਤੋਂ ਬਾਅਦ ਰਣਜੋਧ ਹਡਾਣਾ ਦਾ ਤੁਰੰਤ ਐਕਸ਼ਨ, ਮੌਕੇ ’ਤੇ ਪਹੁੰਚ ਕੇ ਲਿਆ ਜਾਇਜ਼ਾ
Publish Date: Tue, 07 Apr 2026 04:14 PM (IST)
Updated Date: Tue, 07 Apr 2026 04:17 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬੀਤੇ ਦਿਨ ਰਾਤ ਸਮੇਂ ਦੇਵੀਗਡ਼੍ਹ-ਪਿਹੋਵਾ ਮੁੱਖ ਮਾਰਗ ’ਤੇ ਸਥਿਤ ਪਿੰਡ ਹਰੀਗਡ਼੍ਹ ਨੇਡ਼ੇ ਇਕ ਕਾਰ ਦੇ ਖੱਡੇ ਵਿਚ ਡਿੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਤੁਰੰਤ ਐਕਸ਼ਨ ਲੈਂਦਿਆਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਇਕ ਪਰਿਵਾਰ ਵਾਲ-ਵਾਲ ਬਚ ਗਿਆ, ਪਰ ਸਥਾਨਕ ਨਿਵਾਸੀ ਲੰਮੇ ਸਮੇਂ ਤੋਂ ਇਸ ਬੇਹੱਦ ਤੰਗ ਪੁਲੀ ਨੂੰ ਚੌਡ਼ਾ ਕਰਨ ਦੀ ਮੰਗ ਕਰ ਰਹੇ ਸਨ। ਜਿਸ ’ਤੇ ਹਡਾਣਾ ਨੇ ਰੂਚੀ ਦਿਖਾਂਦੇ ਹੋਏ ਕੁਝ ਕੁ ਦਿਨ ਪਹਿਲਾ ਕੰਮ ਸ਼ੁਰੂ ਕਰਵਾਇਆ ਸੀ ਤੇ ਵਿਭਾਗ ਨੂੰ ਮੌਕੇ ’ਤੇ ਹੀ ਦਿੱਤੇ ਨਿਰਦੇਸ਼ ਸਨ। ਇਸ ਮੌਕੇ ’ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨਾਲ ਗੱਲ ਕਰ ਕੇ ਜਾਣਕਾਰੀ ਲੈਣ ਮਗਰੋਂ ਹਡਾਣਾ ਨੇ ਮੌਕੇ ’ਤੇ ਪਹੁੰਚੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਪੁਲੀ ਨੂੰ ਤੁਰੰਤ ਚੌਡ਼ਾ ਕਰਨ ਦੀ ਪ੍ਰਕਿਰਿਆ ਦੇ ਕੰਮ ਨੂੰ 15 ਦਿਨਾਂ ਦੇ ਅੰਦਰ ਅੰਦਰ ਪੂਰਾ ਕੀਤਾ ਜਾਵੇ। ਉਨ੍ਹਾਂ ਸਖ਼ਤ ਲਹਿਜੇ ਵਿਚ ਇਹ ਹਦਾਇਤ ਕੀਤੀ ਕਿ ਕੰਮ ਨਾ ਪੂਰਾ ਹੋਣ ਦੀ ਸੂਰਤ ’ਚ ਸਬੰਧਤ ਠੇਕੇਦਾਰ ਦੇ ਨਾਲ ਨਾਲ ਸਬੰਧਤ ਅਧਿਕਾਰੀਆਂ ਤੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਡ਼ਕ ਦੇ ਕਿਨਾਰਿਆਂ ’ਤੇ ਮਜ਼ਬੂਤ ਰੇਲਿੰਗ ਜਾਂ ਬੈਰੀਅਰ ਲਗਾਉਣ ਅਤੇ ਰਾਤ ਦੇ ਸਮੇਂ ਸਫ਼ਰ ਸੁਰੱਖਿਅਤ ਬਣਾਉਣ ਲਈ ਰੇਡੀਅਮ ਸੰਕੇਤਕ ਅਤੇ ਲਾਈਟਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਹਲਕੇ ਵਿਚ ਅਜਿਹੇ ਕਈ ਹਾਦਸੇ ਵਾਪਰੇ ਹਨ ਨੂੰ ਜਲਦ ਦਰੁਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਸਥਾਈ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿਚ ਕਿਸੇ ਵੀ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਪਿੰਡ ਹਰੀਗਡ਼੍ਹ ਅਤੇ ਆਲੇ-ਦੁਆਲੇ ਦੇ ਇਲਾਕਾ ਨਿਵਾਸੀਆਂ ਨੇ ਹਡਾਣਾ ਦੇ ਇਸ ਤੁਰੰਤ ਐਕਸ਼ਨ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਹੁਣ ਇਸ ਖ਼ਤਰਨਾਕ ਮੋਡ਼ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸਥਾਨਕ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।