ਰੈਲੀ ’ਚ ਉਮਡ਼ੇ ਜਨ ਸੈਲਾਬ ਲਈ ਹਡਾਣਾ ਨੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਉਮਡ਼ੇ ਜਨ ਸੈਲਾਬ ਲਈ ਹਡਾਣਾ ਨੇ ਹਲਕਾ ਸਨੌਰ ਵਾਸੀਆਂ ਦਾ ਕੀਤਾ ਧੰਨਵਾਦ
Publish Date: Wed, 01 Apr 2026 04:57 PM (IST)
Updated Date: Wed, 01 Apr 2026 05:01 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੇ ਪਿੰਡ ਦੁੱਧਣ ਸਾਧਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਮੌਕੇ ਹੋਏ ਵਿਸ਼ਾਲ ਇਕੱਠ ਨੇ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਰੈਲੀ ਵਿਚ ਪਹੁੰਚੇ ਲੱਖਾਂ ਦੇ ਜਨ ਸੈਲਾਬ ਅਤੇ ਲੋਕਾਂ ਦੇ ਜੋਸ਼ ਨੂੰ ਦੇਖਦਿਆਂ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਛਿਡ਼ ਗਈ ਹੈ ਕਿ ਹਲਕੇ ਦੇ ਲੋਕਾਂ ਨੇ ਆਉਣ ਵਾਲੀਆਂ ਚੋਣਾਂ ਲਈ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਜਿੱਤ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ। ਦੱਸਣਯੋਗ ਹੈ ਕਿ ਰੈਲੀ ’ਚ ਉਮਡ਼ਿਆ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਦੱਸ ਰਿਹਾ ਸੀ ਕਿ ਹਲਕਾ ਸਨੌਰ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਪੂਰੀ ਤਰ੍ਹਾਂ ‘ਆਮ ਆਦਮੀ ਪਾਰਟੀ’ ਅਤੇ ਰਣਜੋਧ ਸਿੰਘ ਹਡਾਣਾ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੇਜ ਤੋਂ ਹਡਾਣਾ ਦੀਆਂ ਮੰਗਾਂ ਨੂੰ ਖ਼ੁਦ ਪਡ਼੍ਹ ਕੇ ਜਲਦ ਪੂਰਾ ਕਰਨ ਦਾ ਦਿੱਤਾ ਭਰੋਸਾ ਹਲਕੇ ਦੇ ਵਿਕਾਸ ਲਈ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਹਡਾਣਾ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਹਲਕੇ ਦੇ ਵਿਕਾਸ ਲਈ ਕੀਤੇ ਗਏ 100 ਕਰੋਡ਼ ਤੋਂ ਵੱਧ ਦੇ ਕਾਰਜ, ਜਿਵੇਂ ਕਿ ਘਡ਼ਾਮ ਮਾਈਨਰ 27 ਕਰੋਡ਼, ਸਿਹਤ ਸਹੂਲਤਾਂ ਲਈ ਮੰਜਾਲ ਕਲਾਂ, ਭਾਂਖਰ ਅਤੇ ਮੁਖਮੈਲਪੁਰ ਵਿੱਚ 30-30 ਲੱਖ ਨਾਲ ਹੈਲਥ ਵੈਲਨੈਸ ਸੈਂਟਰ, ਟਾਂਗਰੀ ਬੰਨ੍ਹ ਦੀ ਮਜਬੂਤੀ ਲਈ 16 ਕਰੋਡ਼, 5 ਕਰੋਡ਼ 65 ਹਜ਼ਾਰ ਦੀ ਲਾਗਤ ਨਾਲ 16 ਪਲੇਅ ਗਰਾਊਂਡ, 3 ਕਰੋਡ਼ 40 ਲੱਖ ਨਾਲ 20 ਪਿੰਡਾਂ ਦੇ ਛੱਪਡ਼ਾਂ ਦਾ ਨਵੀਨੀਕਰਨ ਅਤੇ ਕੌਲੀ, ਘਡ਼ਾਮ ਤੇ ਮਸੀਂਗਨ ਵਿੱਚ 25-25 ਲੱਖ ਨਾਲ ਆਧੁਨਿਕ ਪੰਚਾਇਤ ਘਰਾਂ ਦੀ ਉਸਾਰੀ ਅਤੇ ਹੁਣ ਸਡ਼ਕਾਂ ਦੇ ਜਾਲ ਅਤੇ ਹੁਣ ਇਲਾਕੇ ਦੀ ਲਾਈਫ-ਲਾਈਨ ਪਟਿਆਲਾ-ਪਿਹੋਵਾ ਰੋਡ ’ਤੇ 36 ਕਰੋਡ਼, ਹਰਿਆਣੇ ਨੂੰ ਜੋਡ਼ਦੀਆਂ 4 ਮੁੱਖ 18 ਫੁੱਟੀਆਂ ਸਡ਼ਕਾਂ ਦਾ ਕੰਮ, 27 ਕਰੋਡ਼ ਦੀ ਲਾਗਤ ਨਾਲ ਘਡ਼ਾਮ ਅਤੇ ਸ਼ੇਖਪੁਰ ਮਾਈਨਰ ਰਜਬਾਹਾ ਸਿਸਟਮ ਨੂੰ ਪੱਕਾ ਕਰਨਾ, 5 ਕਰੋਡ਼ ਨਾਲ ਘੱਗਰ ਵਿਚ ਮਾਡ਼ੂ ਤੋਂ ਹਡਾਣੇ ਤੱਕ ਪੱਥਰ ਲਗਾਉਣ ਆਦਿ ਦੇ ਕੰਮਾਂ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਹੈ। ਰੈਲੀ ਵਿਚ ਮੌਜੂਦ ਬਜ਼ੁਰਗਾਂ, ਨੌਜਵਾਨਾਂ ਅਤੇ ਮਾਵਾਂ-ਭੈਣਾਂ ਦੇ ਉਤਸ਼ਾਹ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਸਨੌਰ ਵਿਚ ਰਣਜੋਧ ਸਿੰਘ ਹਡਾਣਾ ਦੀ ਜਿੱਤ ਯਕੀਨੀ ਹੈ। ਇਸ ਇਕੱਠ ਨੇ ਸਿਰਫ਼ ਭੀਡ਼ ਦਾ ਹੀ ਰਿਕਾਰਡ ਨਹੀਂ ਤੋਡ਼ਿਆ, ਸਗੋਂ ਵਿਰੋਧੀਆਂ ਦੇ ਸਿਆਸੀ ਸਮੀਕਰਨ ਵੀ ਵਿਗਾਡ਼ ਕੇ ਰੱਖ ਦਿੱਤੇ ਹਨ।