ਮੁੱਖ ਮੰਤਰੀ ਮਾਨ ਦੀ ਇਤਿਹਾਸਕ ਰੈਲੀ ਅੱਜ
ਮੁੱਖ ਮੰਤਰੀ ਭਗਵੰਤ ਮਾਨ ਦੀ ਇਤਿਹਾਸਕ ਰੈਲੀ, ਹਲਕੇ ਵਿੱਚ ਭਾਰੀ ਉਤਸ਼ਾਹ
Publish Date: Sun, 29 Mar 2026 06:37 PM (IST)
Updated Date: Sun, 29 Mar 2026 06:38 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਹਲਕਾ ਸਨੌਰ ਦੀ ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਇਤਿਹਾਸਕ ਰੈਲੀ ਨੂੰ ਲੈ ਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੈਲੀ ਨੂੰ ਲੈ ਕੇ ਪੂਰੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਇਕੱਠ ਪਿਛਲੇ ਸਾਰੇ ਰਿਕਾਰਡ ਤੋਡ਼ ਦੇਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਇਹ ਫੇਰੀ ਹਲਕਾ ਸਨੌਰ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਮੁੱਖ ਮੰਤਰੀ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਈ ਨਵੇਂ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰ ਸਕਦੇ ਹਨ। ਹਡਾਣਾ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ 4 ਸਾਲ ਬੇਮਿਸਾਲ ਕਾਰਜਕਾਲ ਦੌਰਾਨ ਹਮੇਸ਼ਾ ਆਮ ਲੋਕਾਂ ਦੀਆਂ ਲੋਡ਼ਾਂ ਨੂੰ ਪਹਿਲ ਦਿੱਤੀ ਹੈ ਅਤੇ ਦੁੱਧਣ ਸਾਧਾਂ ਰੈਲੀ ਦੌਰਾਨ ਵੀ ਹਲਕੇ ਦੀ ਨੁਹਾਰ ਬਦਲਣ ਲਈ ਵੱਡੇ ਤੇ ਅਹਿਮ ਪ੍ਰੋਜੈਕਟ ਮਿਲਣ ਦੀ ਵੀ ਆਸ ਹੈ। ਹਡਾਣਾ ਨੇ ਦੱਸਿਆ ਕਿ ਰੈਲੀ ਵਾਲੀ ਜਗਾ ’ਤੇ ਸੰਗਤ ਦੇ ਬੈਠਣ, ਪੀਣ ਵਾਲੇ ਪਾਣੀ ਤੇ ਟ੍ਰੈਫਿਕ ਵਿਵਸਥਾ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿਚ ਇਸ ਰੈਲੀ ਨੂੰ ਲੈ ਕੇ ਇੰਨਾ ਉਤਸ਼ਾਹ ਹੈ ਕਿ ਹਰ ਪਿੰਡ ਵਿੱਚੋਂ ਵੱਡੇ ਕਾਫ਼ਲੇ ਬੰਨ੍ਹ ਕੇ ਲੋਕ ਰੈਲੀ ਵਾਲੀ ਥਾਂ ਪਹੁੰਚਣਗੇ। ਰਣਜੋਧ ਸਿੰਘ ਹਡਾਣਾ ਨੇ ਸਮੂਹ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਦੁੱਧਨ ਸਾਧਾਂ ਵਿਖੇ ਪਹੁੰਚ ਕੇ ਮੁੱਖ ਮੰਤਰੀ ਦੇ ਵਿਚਾਰ ਸੁਣਨ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ, ਲਾਲੀ ਰਹਿਲ, ਰਾਜਾ ਧੰਜੂ ਸਰਪੰਚ, ਹੈਪੀ ਪਹਾਡ਼ੀਪੁਰ, ਸਿਮਰਜੀਤ ਸੋਹਲ ਉਪ ਚੇਅਰਮੈਨ, ਹਰਪ੍ਰੀਤ ਸਿੰਘ ਘੁਮਾਣ, ਬਲਿਹਾਰ ਸਿੰਘ ਚੀਮਾ, ਹਰਪਿੰਦਰ ਚੀਮਾ, ਦਵਿੰਦਰ ਸਿੰਘ ਮਾਡ਼ੂ, ਮਨਿੰਦਰ ਫਰਾਂਸਵਾਲਾ, ਗੁਰਪ੍ਰੀਤ ਸਿੰਘ ਗੋਪੀ ਸਰਪੰਚ, ਰਾਮ ਇੰਦਰ ਸਿੰਘ ਜਮਨਾ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।