ਪਟਿਆਲਾ-ਪਿਹੇਵਾ ਰਾਜ ਮਾਰਗ ਦਾ ਕੰਮ 31 ਤੱਕ ਹੋਵੇਗਾ ਮੁਕੰਮਲ : ਜੇਈ ਪੁਸ਼ਪਿੰਦਰ ਸਿੰਘ
ਪਟਿਆਲਾ-ਪਿਹੇਵਾ ਰਾਜ ਮਾਰਗ ਦਾ ਕੰਮ 31 ਮਾਰਚ ਤੱਕ ਮੁਕੰਮਲ: ਜੇ.ਈ. ਪੁਸ਼ਪਿੰਦਰ ਸਿੰਘ
Publish Date: Sat, 21 Mar 2026 04:25 PM (IST)
Updated Date: Sat, 21 Mar 2026 04:28 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ
ਦੇਵੀਗਡ਼੍ਹ : ਹਲਕਾ ਸਨੌਰ ਅਧੀਨ ਪਟਿਆਲਾ ਤੋਂ ਹਰਿਆਣਾ ਦੇ ਸ਼ਹਿਰ ਪਿਹੇਵਾ ਨੂੰ ਜਾਣ ਵਾਲੇ ਸਭ ਤੋਂ ਲੰਮੇ ਰਾਜ ਮਾਰਗ ਨੂੰ ਨਵੇਂ ਸਿਰੇ ਤੋਂ ਨਵਿਆਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਇਹ ਰਾਜ ਮਾਰਗ 2023 ਦੀਆਂ ਬਰਸਾਤਾਂ ਦੌਰਾਨ ਬੁਰੀ ਤਰ੍ਹਾਂ ਟੁੱਟ ਗਿਆ ਸੀ ਅਤੇ ਇਸ ਮਾਰਗ ਤੇ ਚਲਦੀ ਭਾਰੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਈ ਸੀ। ਇਸ ਮਾਰਗ ਨੂੰ ਨਵੇਂ ਸਿਰਿਓਂ ਨਵਿਆਉਣ ਲਈ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਕਾਫੀ ਮਿਹਨਤ ਕੀਤੀ ਅਤੇ ਇਸ ਨੂੰ ਨਵੇਂ ਸਿਰਿਓਂ ਨਵਿਆਉਣ ਦਾ ਕੰਮ ਸ਼ੁਰੂ ਕਰਵਾਇਆ ਹੈ।
ਮਹਿਕਮਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਦੱਸਣ ਅਨੁਸਾਰ ਇਸ ਰਾਜ ਮਾਰਗ ਨੂੰ ਨਵਿਆਉਣ ਲਈ ਸਬੰਧਿਤ ਵਿਭਾਗ ਵੱਲੋਂ 23 ਕਰੋਡ਼ ਰੁਪਏ ਰੱਖੇ ਗਏ ਹਨ, ਜਿਸ ਨਾਲ 30 ਕਿਲੋਮੀਟਰ ਲੰਮੇ ਰਾਜ ਮਾਰਗ ਨੂੰ ਨਵਿਆਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਰਾਜ ਮਾਰਗ ਪਟਿਆਲਾ ਭੂਤਨਾਥ ਦੇ ਮੰਦਿਰ ਤੋਂ ਲੈ ਕੇ ਮੀਰਾਂਪੁਰ ਤੱਕ 15 ਕਿਲੋਮੀਟਰ ਲੰਮਾ ਅਤੇ 10 ਮੀਟਰ ਚੌਡ਼ਾ ਅਤੇ ਪਿੰਡ ਮੀਰਾਂਪੁਰ ਤੋਂ ਲੈ ਕੇ ਪਿਹੇਵਾ ਵੱਲ ਨੂੰ ਹਰਿਆਣਾ ਬਾਰਡਰ ਤੱਕ 15 ਕਿਲੋਮੀਟਰ 7 ਮੀਟਰ ਚੌਡ਼ਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਗ ਉਪਰ ਮਜ਼ਬੂਤੀ ਵਾਲੀ ਮੋਟੀ ਲੇਅਰ ਪਾਈ ਜਾ ਚੁੱਕੀ ਹੈ ਅਤੇ ਫਾਈਨਲ ਫਿਨਿਸ਼ਿੰਗ ਵਾਲੀ ਜ਼ਿਆਦਾ ਲੁੱਕ ਵਾਲੀ ਲੇਅਰ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਕਿ ਆਸ-ਪਾਸ ਦੇ ਲੋਕਾਂ ਦੇ ਕਹਿਣ ਅਨੁਸਾਰ ਤਸੱਲੀਬਖਸ਼ ਕੰਮ ਹੋ ਰਿਹਾ ਹੈ। ਇਸ ਸਡ਼ਕ ਉੱਪਰ ਭਾਰੀ ਆਵਜਾਈ ਹੋਣ ਕਰ ਕੇ ਕੰਮ ਵਿੱਚ ਕੁਝ ਦੇਰੀ ਹੋ ਰਹੀ ਹੈ, ਜੇਕਰ ਆਵਾਜਾਈ ਕਿਸੇ ਪਾਸੇ ਡਾਈਵਰਟ ਹੋ ਜਾਵੇ ਤਾਂ ਇਹ ਕੰਮ ਜਲਦੀ ਨੇਪਰੇ ਚਡ਼੍ਹ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਜ ਮਾਰਗ ਦਾ 40 ਫ਼ੀਸਦੀ ਕੰਮ ਹੋ ਚੁੱਕਾ ਹੈ ਅਤੇ 31 ਮਾਰਚ ਤੱਕ ਇਸ ਮਾਰਗ ਦੇ ਨਵਿਆਉਣ ਦਾ ਕੰਮ ਮੁਕੰਮਲ ਹੋ ਜਾਵੇਗਾ।
ਇਸ ਮੌਕੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਹਲਕਾ ਸਨੌਰ ਦੀਆਂ ਸਮੁੱਚੀਆਂ ਸਡ਼ਕਾਂ ਨਵੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕੋਈ ਵੀ ਸਡ਼ਕ ਟੁੱਟੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਸਡ਼ਕਾਂ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਉੱਚ ਕੁਆਇਲਟੀ ਦਾ ਮਟੀਰੀਅਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਡ਼ਕ ਸਮੇਂ ਤੋਂ ਪਹਿਲਾਂ ਟੁੱਟਦੀ ਹੈ ਤਾਂ ਉਸ ਦੀ ਮੁਰੰਮਤ ਦੀ ਜ਼ਿੰਮੇਵਾਰੀ ਸਬੰਧਿਤ ਠੇਕੇਦਾਰ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਵਧੀਆ ਸਡ਼ਕਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ।