ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਹਡਾਣਾ
ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਹਡਾਣਾ
Publish Date: Fri, 20 Mar 2026 05:21 PM (IST)
Updated Date: Fri, 20 Mar 2026 05:25 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਰੰਗਲਾ ਪੰਜਾਬ’ ਮੁਹਿੰਮ ਤਹਿਤ ਅੱਜ ਹਲਕਾ ਸਨੌਰ ਵਿਚ ਵਿਕਾਸ ਕਾਰਜਾਂ ਦੀ ਝਡ਼ੀ ਲਗਾ ਦਿੱਤੀ ਗਈ। ਦੇਵੀਗਡ਼੍ਹ ਸਥਿਤ ਇਕ ਨਿੱਜੀ ਪੈਲੇਸ ਵਿਖੇ ਕਰਵਾਏ ਗਏ ਇਕ ਵਿਸ਼ਾਲ ਸਮਾਗਮ ਦੌਰਾਨ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਬਲਾਕ ਸਨੌਰ ਤੇ ਬਲਾਕ ਭੁਨਰਹੇਡ਼ੀ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੋਡ਼ਾਂ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਹਡਾਣਾ ਨੇ ਦੱਸਿਆ ਕਿ ਬਲਾਕ ਭੁਨਰਹੇਡ਼ੀ ਅਤੇ ਸਨੌਰ ਦੇ 60 ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ 26 ਪਿੰਡਾਂ ਨੂੰ 5-5 ਲੱਖ ਰੁਪਏ ਅਤੇ 34 ਹੋਰ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ‘ਰੰਗਲਾ ਪੰਜਾਬ’ ਸਕੀਮ ਤਹਿਤ ਇਕ ਕਰੋਡ਼ ਰੁਪਏ ਤੋਂ ਵੱਧ ਦੇ ਚੈੱਕ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਲਾਕ ਭੁਨਰਹੇਡ਼ੀ ਦੇ ਵਿਕਾਸ ਲਈ ਵੱਡਾ ਹਿੱਸਾ ਰਾਖਵਾਂ ਰੱਖਿਆ ਗਿਆ ਹੈ। ਬਲਾਕ ਦੇ 52 ਪਿੰਡਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਅਤੇ 56 ਹੋਰ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਡੇਢ ਕਰੋਡ਼ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਨੂੰ ਆਤਮ-ਨਿਰਭਰ ਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਨਾਲ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ ਦੀ ਸਹੂਲਤ, ਸਟਰੀਟ ਲਾਈਟਾਂ ਅਤੇ ਹੋਰ ਸਾਂਝੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਹਡਾਣਾ ਨੇ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਵਰਤੀ ਜਾਵੇਗੀ ਅਤੇ ਇੱਕ-ਇੱਕ ਪੈਸਾ ਲੋਕਾਂ ਦੀ ਸਹੂਲਤ ਲਈ ਖ਼ਰਚਿਆ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਚੇਅਰਮੈਨ, ਪੰਚਾਇਤ ਸੰਮਤੀ ਭੁਨਰਹੇਡ਼ੀ ਦੇ ਚੇਅਰਮੈਨ ਚਰਨਜੀਤ ਸਿੰਘ ਨੈਣਾ, ਉਪ ਚੇਅਰਮੈਨ ਸਿਮਰਜੀਤ ਸਿੰਘ ਸੋਹਲ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ ਸਨੌਰ, ਦਵਿੰਦਰ ਸਿੰਘ ਮਾਡ਼ੂ, ਰਾਜਾ ਧੰਜੂ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਲਾਲੀ ਰਹਿਲ ਪੀ.ਏ., ਬੀਡੀਪੀਓ ਭੁਨਰਹੇਡ਼ੀ ਸੰਦੀਪ ਸਿੰਘ, ਮਨਦੀਪ ਸਿੰਘ ਬੀਡੀਪੀਓ ਸਨੌਰ, ਰਾਜਾ ਧੰਜੂ ਸਰੁਸਤੀਗਡ਼੍ਹ, ਸੁਖਵਿੰਦਰ ਬਾਜਵਾ, ਬਲਿਹਾਰ ਸਿੰਘ ਚੀਮਾ, ਪ੍ਰੇਮ ਖਨੇਜਾ, ਲਾਡੀ ਛੰਨਾ ਕੌਂਸਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਚ ਸਰਪੰਚ ਮੌਜੂਦ ਸਨ।