ਸੜਕ ਹਾਦਸੇ ’ਚ ਗੁਰੂਘਰ ਦੇ ਸੇਵਾਦਾਰ ਦੀ ਮੌਤ
ਸੜਕ ਹਾਦਸੇ ’ਚ ਗੁਰੂਘਰ ਦੇ ਸੇਵਾਦਾਰ ਦੀ ਮੌਤ
Publish Date: Sat, 03 Jan 2026 04:50 PM (IST)
Updated Date: Sun, 04 Jan 2026 04:06 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਨੇੜ੍ਹਲੇ ਪਿੰਡ ਬਡਰੁੱਖਾਂ ਦੇ ਮੁੱਖ ਮਾਰਗ ’ਤੇ ਤੜਕਸਾਰ ਆਪਣੇ ਪਿੰਡ ਭੰਮਾਬੱਦੀ ਤੋਂ ਗੁਰੂਘਰ ਮਸਤੂਆਣਾ ਸਾਹਿਬ ਜਾ ਰਹੇ ਸੇਵਾਦਾਰ ਦੀ ਕੈਂਟਰ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਕੈਂਟਰ ਨੂੰ ਕਬਜੇ ਵਿਚ ਲੈਂਦਿਆਂ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਡਰੁੱਖਾਂ ਪੁਲਿਸ ਚੌਕੀ ਦੇ ਹੌਲਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ (69) ਵਾਸੀ ਭੰਮਾਬੱਦੀ ਗੁਰਦੁਆਰਾ ਮਸਤੂਆਣਾ ਸਾਹਿਬ ਵਿਚ ਦੇਗ ਕਾਊਂਟਰ ’ਤੇ ਸੇਵਾ ਕਰਦੇ ਸਨ। ਅੱਜ ਸਵੇਰੇ ਕਰੀਬ ਸਾਢੇ 6 ਵਜੇ ਜਦੋਂ ਉਹ ਆਪਣੇ ਪਿੰਡ ਤੋਂ ਗੁਰੂਘਰ ਵੱਲ ਆਪਣੇ ਸਾਈਕਲ ’ਤੇ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਟਰੱਕ ਖੜ੍ਹਾ ਸੀ। ਇਸੇ ਦੌਰਾਨ ਇਕ ਕੈਂਟਰ ਨੇ ਨਛੱਤਰ ਸਿੰਘ ਨੂੰ ਆਪਣੀ ਚਪੇਟ ਵਿਚ ਲੈ ਲਿਆ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਨਛੱਤਰ ਸਿੰਘ ਦੇ ਪੁੱਤਰ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ। ਘਟਨਾ ਤੋਂ ਬਾਅਦ ਕੈਂਟਰ ਛੱਡ ਕੇ ਚਾਲਕ ਫ਼ਰਾਰ ਹੋ ਗਿਆ।