ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਕੀਤਾ ਲੋਕ ਅਰਪਣ
ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਕੀਤਾ ਲੋਕ ਅਰਪਣ
Publish Date: Fri, 10 Apr 2026 05:29 PM (IST)
Updated Date: Sat, 11 Apr 2026 04:06 AM (IST)

ਕਿਹਾ- ਅਜਾਇਬ ਘਰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਦਾ ਜਿਉਂਦਾ ਜਾਗਦਾ ਪ੍ਰਤੀਕ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ਤੇ ਰਹੇ ਹਾਜ਼ਰ ਫੋਟੋ-5 ਕੈਪਸ਼ਨ-ਗੁਰਮੀਤ ਸਿੰਘ ਮੀਤ ਹੇਅਰ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਲੋਕ ਅਰਪਣ ਕਰਨ ਸਮੇਂ। ਫੋਟੋ-6 ਕੈਪਸਨ-ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਸੰਬੋਧਨ ਕਰਦੇ ਹੋਏ। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਵੀਰਵਾਰ ਨੂੰ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਉਪਰੰਤ ਜ਼ਿਲ੍ਹਾ ਅਜਾਇਬ ਘਰ, ਸੰਗਰੂਰ ਨੂੰ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਕੇਂਦਰ ’ਚ ਸਥਿਤ ਬਨਾਸਰ ਬਾਗ਼ ਅੰਦਰ ਬਣਿਆ ਇਹ ਅਜਾਇਬ ਘਰ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਅਤੇ ਰਾਜਸੀ ਵਿਰਾਸਤ ਦਾ ਜੀਉਂਦਾ ਜਾਗਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਮੁਗਲ ਅਤੇ ਰਾਜਸਥਾਨੀ ਸ਼ੈਲੀ ਵਿੱਚ ਤਿਆਰ ਕੀਤੀ ਇਸ ਇਮਾਰਤ ਨੂੰ ਲੰਮੇ ਸਮੇਂ ਤੋਂ ਸੰਭਾਲ ਅਤੇ ਮੁਰੰਮਤ ਦੇ ਕੰਮਾਂ ਕਰ ਕੇ ਬੰਦ ਰੱਖਿਆ ਗਿਆ ਸੀ, ਪਰ ਹੁਣ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੀ ਕਾਇਆ ਕਲਪ ਕਰਕੇ ਮੁੜ ਸ਼ਾਨ-ਸ਼ੌਕਤ ਨਾਲ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਜਾਇਬ ਘਰ ਅੰਦਰ ਜੀਂਦ ਰਿਆਸਤ ਦੇ ਮਹਾਰਾਜਿਆਂ ਨਾਲ ਸਬੰਧਤ ਬੇਹੱਦ ਕੀਮਤੀ ਅਤੇ ਦੁਰਲੱਭ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇੱਥੇ ਮਹਾਰਾਜਾ ਗਜਪਤ ਸਿੰਘ, ਮਹਾਰਾਜਾ ਭਾਗ ਸਿੰਘ ਅਤੇ ਮਹਾਰਾਜਾ ਸੰਗਤ ਸਿੰਘ ਦੇ ਨਿੱਜੀ ਹਥਿਆਰ, ਪੁਰਾਤਨ ਪਿਸਤੌਲਾਂ, ਰਾਜਸੀ ਤਸਵੀਰਾਂ, ਸੋਨੇ ਦੀ ਕਾਰੀਗਰੀ ਵਾਲੀ ਕਿਰਪਾਨ, ਪੁਰਾਤਨ ਸਿੱਕੇ, ਸ਼੍ਰੀ ਭਗਵਤ ਪੁਰਾਣ ਅਤੇ ਹੋਰ ਵਿਰਾਸਤੀ ਸਮੱਗਰੀ ਦੇਖਣ ਲਈ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੀ ਇਤਿਹਾਸਕ ਮਹੱਤਤਾ ਵੀ ਬਹੁਤ ਵੱਡੀ ਹੈ ਕਿਉਂਕਿ ਇਹ ਉਹੀ ਦਰਬਾਰ ਹਾਲ ਹੈ ਜਿੱਥੇ ਜੀਂਦ ਰਿਆਸਤ ਦੇ ਪ੍ਰਬੰਧ ਚਲਾਏ ਜਾਂਦੇ ਸਨ ਅਤੇ ਮਹਾਰਾਜਾ ਰਣਬੀਰ ਸਿੰਘ ਨੇ ਲੰਬੇ ਸਮੇਂ ਤੱਕ ਇੱਥੋਂ ਰਾਜ ਸੰਭਾਲਿਆ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਨੀਂਹ 1870 ਵਿੱਚ ਮਹਾਰਾਜਾ ਰਘਬੀਰ ਸਿੰਘ ਵੱਲੋਂ ਰੱਖੀ ਗਈ ਸੀ ਅਤੇ ਇਸ ਦੀ ਛੱਤ ਦਾ ਸ਼ਾਨਦਾਰ ਸੋਨੇ ਦਾ ਕੰਮ ਈਰਾਨੀ ਕਲਾਕਾਰਾਂ ਨੇ ਕੀਤਾ ਸੀ, ਜਦਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਵੱਲੋਂ ਲੱਕੜ ਦੀ ਬੇਮਿਸਾਲ ਨਕਾਸ਼ੀ ਅਤੇ ਸਜਾਵਟ ਕੀਤੀ ਗਈ ਸੀ। ਇਮਾਰਤ ਦੀ ਛੱਤ ਉੱਤੇ ਕਲਾ-ਕਿਰਤ ਅਤੇ ਗੋਲਡ ਲੀਫਿੰਗ ਦੀ ਮੁੜ ਮੁਰੰਮਤ, ਚੂਨੇ ਅਤੇ ਕਨਕਰੀਟ ਨਾਲ ਮਜ਼ਬੂਤੀ, ਵਿਰਾਸਤੀ ਝੂਮਰਾਂ ਦੀ ਸੰਭਾਲ, ਪਿੱਤਲ ਦੇ ਦਰਵਾਜ਼ਿਆਂ ਦੀ ਫਿਟਿੰਗ, ਸੈਂਡ ਸਟੋਨ ਫਰਸ਼, ਨੀਂਹ ਦੀ ਮਜ਼ਬੂਤੀ, ਲੱਕੜ ਦੀ ਪਾਲਿਸ਼ ਅਤੇ ਰੌਸ਼ਨੀ ਪ੍ਰਬੰਧ ਦੇ ਅਧੁਨੀਕੀਕਰਨ ਵਰਗੇ ਅਹਿਮ ਕੰਮ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਅਜਾਇਬ ਘਰ ਸੰਗਰੂਰ ਦੀ ਪਹਿਚਾਣ ਹੈ ਅਤੇ ਇਸ ਦੀ ਮੁੜ ਸ਼ੁਰੂਆਤ ਨਾਲ ਸਿਰਫ਼ ਇਤਿਹਾਸਕ ਵਿਰਾਸਤ ਦੀ ਸੰਭਾਲ ਨਹੀਂ ਹੋਵੇਗੀ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਜੀਂਦ ਰਿਆਸਤ ਤੇ ਸੰਗਰੂਰ ਅਤੇ ਇਸ ਦੀਆਂ ਇਮਾਰਤਾਂ ਬਾਬਤ ਖ਼ੋਜ ਕਾਰਜ ਕਰਨ ਵਾਲੇ ਰਾਜੀਵ ਜਿੰਦਲ ਨੇ ਸੰਗਰੂਰ ਦੀਆਂ ਵੱਖ ਵੱਖ ਵਿਰਾਸਤੀ ਇਮਾਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਐੱਸਈ ਸੈਰ ਸਪਾਟਾ ਵਿਭਾਗ ਬੀਐੱਸ ਚਾਨਾ ਹਾਜ਼ਰ ਸਨ।