ਵਿਧਾਇਕ ਗੁਰਲਾਲ ਘਨੌਰ ਵੱਲੋਂ ਨਿਊ ਕਨਾਲ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
ਵਿਧਾਇਕ ਗੁਰਲਾਲ ਘਨੌਰ ਵੱਲੋਂ ਨਿਊ ਕਨਾਲ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
Publish Date: Sun, 07 Jun 2026 05:20 PM (IST)
Updated Date: Sun, 07 Jun 2026 05:23 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਖਾਨਪੁਰ ਗੰਡਿਆਂ (ਰੇਲੂ) ਦੇ ਗੁਰਦੁਆਰਾ ਸਾਹਿਬ ਵਿਖੇ ਜਲ ਸਰੋਤ ਵਿਭਾਗ ਪੰਜਾਬ ਦੇ ਵੱਲੋਂ ਘਨੌਰ ਨਿਊ ਕੈਨਾਲ ਪ੍ਰੋਜੈਕਟ ਤਹਿਤ ਪਾਣੀ ਦੀ ਵਾਰੀ ਬੰਦੀ ਦੀ ਵਿਉਤਬੰਦੀ ਤਿਆਰ ਕਰਨ ਸਬੰਧੀ ਇਕੱਠ ਸੱਦਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਖੁਦ ਪਹੁੰਚ ਕੇ ਜਲ ਸਰੋਤ ਵਿਭਾਗ ਦੇ ਪੰਜਾਬ ਦੇ ਜ਼ਿਲ੍ਹੇਦਾਰ ਗੁਰਸ਼ਰਨਜੀਤ ਸਿੰਘ, ਪਟਵਾਰੀ ਅਮੀਸ਼ ਸੰਧੂ ਤੇ ਹਰਵਿੰਦਰ ਸਿੰਘ ਦੇ ਨਾਲ ਪਿੰਡ ਖਾਨਪੁਰ ਗੰਡਿਆਂ ਨੂੰ ਮਨਜ਼ੂਰ ਚਾਰ ਮੋਗੇ ਜਿਨਾਂ ਨਾਲ ਕਰੀਬ 550 ਏਕੜ ਰਕਬੇ ਨੂੰ ਸਿੰਚਾਈ ਦੇ ਲਈ ਨਹਿਰੀ ਪਾਣੀ ਦੀ ਵਾਰੀ ਦੇਣ ਦੇ ਲਈ ਟਾਈਮ ਟੇਬਲ ਬਣਾਉਣ ਲਈ ਫਰਦਾਂ ਲੈ ਕੇ ਬਣਦੀ ਵਾਰੀ ਦਾ ਟਾਈਮ ਟੇਬਲ ਤਿਆਰ ਕਰਵਾਇਆ ਗਿਆ। ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਦੇ ਲਈ ਸਾਰੀਆਂ ਹੋਦੀਆਂ ਬਣ ਕੇ ਤਿਆਰ ਹਨ ਅਤੇ ਜਲਦੀ ਹੀ ਕਿਸਾਨਾਂ ਦੀ ਵਾਰੀ ਬੰਦੀ ਕਰਕੇ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਸਿੰਚਾਈ ਦੇ ਲਈ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਤਹਿਤ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਉੱਥੇ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਲਗਾਉਣ ਦੇ ਲਈ ਨਹਿਰੀ ਪਾਣੀ ਸਪਲਾਈ ਕੀਤਾ ਜਾਵੇਗਾ। ਇਸ ਮੌਕੇ ਪਿੰਡ ਖਾਨਪੁਰ ਗੰਡਿਆਂ ਦੇ ਬਲਾਕ ਸੰਮਤੀ ਸ਼ੰਭੂ ਕਲਾ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਅਤੇ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਖੇਡਾਂ ਦੇ ਖੇਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਣ ਅਤੇ ਘਨੌਰ ਨਿਊ ਕੈਨਾਲ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਤੇ ਸਮੂਹ ਨਗਰ ਨਿਵਾਸੀਆਂ ਦੀ ਤਰਫੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਕਰਮ ਸਿੰਘ ਡਾਇਰੈਕਟਰ ਮਾਰਕੀਟ ਸੋਸਾਇਟੀ ਰਾਜਪੁਰਾ, ਨੰਬਰਦਾਰ ਸੁਖਦੇਵ ਸਿੰਘ, ਸਰਪੰਚ ਗੁਰਜੀਤ ਸਿੰਘ, ਜਸਪਾਲ ਸਿੰਘ ਸੋਸਾਇਟੀ ਮੈਂਬਰ, ਅਮਰਜੀਤ ਸਿੰਘ, ਰਣਬੀਰ ਸਿੰਘ ਰਾਣਾ, ਹਰਭਜਨ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਦਿਲਬਾਗ ਸਿੰਘ, ਸੁਖਬੀਰ ਸਿੰਘ, ਦਮਨਪ੍ਰੀਤ ਸਿੰਘ ਖੇੜੀ ਮੰਡਲਾ, ਇੰਦਰਜੀਤ ਸਿੰਘ ਸਿਆਲੂ ਚੇਅਰਮੈਨ ਲੈਂਡ ਮਾਰਗੇਜ ਬੈਂਕ ਘਨੌਰ, ਪ੍ਰਦੀਪ ਸਿੰਘ, ਪੀਏ ਗੁਰਤਾਜ ਸਿੰਘ, ਪਰਵਿੰਦਰ ਸਿੰਘ ਨੰਬਰਦਾਰ ਮਹਿਮੂਦਪੁਰ, ਗੁਰਵਿੰਦਰ ਸਿੰਘ ਖੈਰਪੁਰ ਸਮੇਤ ਹੋਰ ਹਾਜ਼ਰ ਸਨ।