ਐਪ ਰਾਹੀਂ ਹਾਜ਼ਰੀ ਨੇ ਅਧਿਆਪਕਾਂ ਨੂੰ ਪੜ੍ਹਾਈ ਛੱਡ ਡਾਟਾ ਐਂਟਰੀ ਬਣਾਇਆ : ਜੀਟੀਯੂ
ਐਪ ਰਾਹੀ ਹਾਜਰੀ ਨੇ ਅਧਿਆਪਕਾਂ ਨੂੰ ਪੜ੍ਹਾਈ ਛੱਡ ਡਾਟਾ ਐਂਟਰੀ ਬਣਾਇਆ- ਜੀਟੀਯੂ
Publish Date: Fri, 10 Apr 2026 05:01 PM (IST)
Updated Date: Fri, 10 Apr 2026 05:02 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸੂਬੇ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਦਾਖਲਾ, ਬੱਚਿਆਂ ਦੀ ਹਾਜ਼ਰੀ ਤੇ ਅਧਿਆਪਕਾਂ ਦੀ ਹਾਜ਼ਰੀ ਲਈ ਐੱਮ ਸਟਾਰ ਈ ਪੰਜਾਬ ਐਪ ਲਾਗੂ ਕਰ ਦਿੱਤਾ ਗਿਆ ਹੈ। ਇਹ ਐਮ ਸਟਾਰ ਐਪ ਅਧਿਆਪਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਜਿਹੜਾ ਸਮਾਂ ਅਧਿਆਪਕਾਂ ਨੇ ਬੱਚਿਆਂ ਦੀ ਪੜ੍ਹਾਈ ’ਤੇ ਲਗਾਉਣਾ ਸੀ ਉਹ ਹੁਣ ਸਾਰਾ ਸਮਾਂ ਇਸ ਐਪ ਦੇ ਦੁਆਲੇ ਹੀ ਨਿਕਲਦਾ ਹੈ। ਜਿੱਥੇ ਇਸ ਪ੍ਰਣਾਲੀ ਨਾਲ ਪਾਰਦਰਸ਼ੀ ਢੰਗ ਨਾਲ ਸਾਰੀ ਪ੍ਰਕਿਰਿਆ ਨੂੰ ਲਾਗੂ ਕਰਨਾ ਸੀ ਉੱਥੇ ਹੀ ਪ੍ਰਬੰਧਕੀ ਕਾਰਨਾਂ ਕਰਕੇ ਇਸ ਦੀ ਜ਼ਮੀਨੀ ਹਕੀਕਤ ਹੋਰ ਹੈ। ਅਧਿਆਪਕਾਂ ਨੂੰ ਕਈ ਤਕਨੀਕੀ ਅਤੇ ਪ੍ਰਬੰਧਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਐੱਮ ਸਟਾਰ ਈ ਪੰਜਾਬ ਦੇ ਨਾਂ ਉੱਤੇ ਸਿੱਖਿਆ ਵਿਭਾਗ ਨੇ ਇੱਕ ਨਿੱਜੀ ਕੰਪਨੀ ਨਾਲ ਮਿਲ ਕੇ ਬਣਾਇਆ ਹੈ। ਇਸ ਐਪ ਰਾਹੀਂ ਹਰ ਰੋਜ਼ ਨੀਅਤ ਸਮੇਂ ’ਚ ਹਾਜ਼ਰੀ ਲਗਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਸਾਰੇ ਸੂਬੇ ਅੰਦਰ ਇੱਕੋ ਸਮੇਂ ਐਪ ਚੱਲਣ ਕਾਰਨ ਸਰਵਰ ਬਿਜ਼ੀ ਹੋ ਜਾਂਦਾ ਹੈ ਅਤੇ ਹਾਜ਼ਰੀ ਨਹੀਂ ਲੱਗਦੀ ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਅਧਿਆਪਕ ਸਕੂਲ ਸਮੇਂ ਸਿਰ ਹਾਜ਼ਰ ਹੋ ਜਾਂਦੇ ਹਨ ਤਾਂ ਬਾਅਦ ’ਚ ਇਹ ਅਧਿਆਪਕਾਂ ਨੂੰ ਆਪਣੇ ਆਪ ਨੂੰ ਗੈਰ ਹਾਜ਼ਰ ਕਰ ਦਿੰਦਾ ਹੈ ਅਤੇ ਫਿਰ ਤੋਂ ਹਾਜ਼ਰ ਹੋਣ ਲਈ ਮਜਬੂਰ ਕਰਦਾ ਹੈ। ਅਧਿਆਪਕਾਂ ਆਗੂਆਂ ਨੇ ਦੱਸਿਆ ਕਿ ਪਿੰਡਾਂ ’ਚ ਇੰਟਰਨੈਟ ਦੀ ਗਤੀ ਬਹੁਤ ਹੀ ਧੀਮੀ ਜਾਂ ਕਈ ਵਾਰ ਨੈੱਟਵਰਕ ਉਪਲੱਬਧ ਹੀ ਨਹੀਂ ਹੁੰਦਾ ਇਸ ਕਰਕੇ ਅਨੇਕਾਂ ਅਧਿਆਪਕ ਸਮੇਂ ਸਿਰ ਹਾਜ਼ਰੀ ਦਰਜ ਨਹੀਂ ਕਰ ਪਾਉਂਦੇ। ਉਨ੍ਹਾਂ ਕਿਹਾ ਕਿ ਇਸੇ ਐਪ ਤੇ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣਾ ਵੀ ਕੋਈ ਸੌਖੀ ਪ੍ਰਕਿਰਿਆ ਨਹੀਂ ਹੈ। ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ’ਚ ਇਸ ਐਪ ਦਾ ਪ੍ਰਯੋਗ ਚਿੰਤਾਜਨਕ ਬਣਿਆ ਹੋਇਆ ਹੈ । ਉਨ੍ਹਾਂ ਨੇ ਮੰਗ ਕੀਤੀ ਕਿ ਇਸ ਐਪ ਨੂੰ ਬੰਦ ਕਰਕੇ ਈ ਪੰਜਾਬ ਪੋਰਟਲ ਨੂੰ ਹੀ ਚਾਲੂ ਰੱਖਿਆ ਜਾਵੇ ।